ਲੀਬੀਆ ਰਾਹੀਂ ਇਟਲੀ ਅਤੇ ਯੂਰਪੀ ਦੇਸ਼ਾਂ ਵੱਲ ਗੈਰ-ਕਾਨੂੰਨੀ  ਪ੍ਰਵਾਸੀਆਂ ਨੂੰ ਲਿਜਾ ਰਹੀ ਬੇੜੀ ਡੁੱਬੀ, ਸੌ ਦੇ ਲੱਗਭੱਗ ਮਰਨ ਦਾ ਖਦਸ਼ਾ

0


ਤ੍ਰਿਪੋਲੀ (ਆਵਾਜ਼ ਬਿਊਰੋ)-ਲੀਬੀਆ ਦੇ ਸਮੁੰਦਰੀ ਇਲਾਕੇ ਵਿੱਚ  ਪ੍ਰਵਾਸੀਆਂ ਨੂੰ ਲਿਜਾ ਰਹੀ ਇੱਕ ਬੇੜੀ ਡੁੱਬ ਜਾਣ ਦੀ ਖਬਰ ਹੈ। ਬੇੜੀ ਡੁੱਬਣ ਕਾਰਨ ਸੌ ਦੇ ਨੇੜੇ ਵਿਅਕਤੀਆਂ ਦੇ ਮਰਨ ਦੀ ਅਸ਼ੰਕਾ ਹੈ। ਵਾਸ਼ਿੰਗਟਨ ਪੋਸਟ ਮੁਤਾਬਕ ਮਰਨ ਵਾਲਿਆਂ ਵਿੱਚ ਵਧੇਰੇ ਪਾਕਿਸਤਾਨੀ ਹੈ। ਪ੍ਰਵਾਸੀਆਂ ਸਬੰਧੀ ਕੌਮਾਂਤਰੀ ਸੰਸਥਾ ਦੇ ਬੁਲਾਰੇ ਓਲਵੀਆ ਹੈਡਸਨ ਨੇ ਦੱਸਿਆ ਕਿ ਕਈ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਕਈ ਪਾਕਿਸਤਾਨੀਆਂ ਅਤੇ ਦੋ ਲੀਬੀਆ ਨਾਗਰਿਕਾਂ ਦੀਆਂ ਹਨ। ਇਹ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਲੀਬੀਆ ਦੇ ਰਸਤੇ ਇਟਲੀ ਜਾਂ ਯੂਰਪ ਜਾਣਾ ਚਾਹੁੰਦੇ ਸਨ। ਇਹ ਬੇੜੀ ਲੀਬੀਆ ਦੇ ਜੁਬਾਰਾ ਸ਼ਹਿਰ ਦੇ ਸਮੁੰਦਰੀ ਕਿਨਾਰੇ ਤੋਂ ਕੁੱਝ ਦੂਰ ਡੁੱਬੀ। ਬੇੜੀ ਡੁੱਬਣ ਦਾ ਕਾਰਨ ਇਸ ਵਿੱਚ ਸਮਰੱਥਾ ਤੋਂ ਵੱਧ ਲੋਕਾਂ ਨੂੰ ਬਿਠਾਉਣ ਅਤੇ ਬੇੜੀ ਦਾ ਬੈਲੇਂਸ ਵਿਗੜਨਾ ਦੱਸਿਆ ਗਿਆ ਹੈ। ਇੱਥੇ ਜਿਕਰਯੋਗ ਹੈ ਕਿ ਲੀਬੀਆ ਅਤੇ ਖਾਸ ਤੌਰ ਤੇ ਇੱਥੋਂ ਦਾ ਜੁਬਾਰਾ ਸ਼ਹਿਰ ਪ੍ਰਵਾਸੀਆਂ ਲਈ ਗੈਰ-ਕਾਨੂੰਨੀ ਤਰੀਕੇ ਨਾਲ ਸਮੁੰਦਰੀ ਰਸਤੇ ਇਟਲੀ ਅਤੇ ਹੋਰ ਯੂਰਪੀ ਦੇਸ਼ਾਂ ਵਿੱਚ ਜਾਣ ਲਈ ਪ੍ਰਮੁੱਖ ਸਥਾਨ ਅਤੇ ਰੂਟ ਮੰਨਿਆ ਜਾਂਦਾ ਹੈ। ਬਹੁਤੇ ਲੋਕ ਇਸ ਰਸਤੇ ਹੀ ਯੂਰਪੀ ਦੇਸ਼ਾਂ ਨੂੰ ਜਾਂਦੇ ਹਨ। ਪਿਛਲੇ ਸਾਲ ਜੁਲਾਈ ਮਹੀਨੇ ਤੋਂ ਬਾਅਦ ਲੀਬੀਆ ਸਰਕਾਰ ਨੇ ਇਸ ਤਰ੍ਹਾਂ ਗੈਰ ਕਾਨੂੰਨੀ ਤਰੀਕੇ ਨਾਲ ਇਸ ਰਸਤੇ ਯੂਰਪੀ ਦੇਸ਼ਾਂ ਨੂੰ ਜਾਣ ਉੱਪਰ ਸਖਤੀ ਕੀਤੀ ਸੀ। ਇਹ ਸਖਤੀ ਇਟਲੀ ਅਤੇ ਯੂਰਪੀ ਯੂਨੀਅਨ ਦੇ ਦਬਾਅ ਹੇਠ ਕੀਤੀ ਗਈ ਸੀ। ਇੱਕ ਅੰਦਾਜ਼ੇ ਮੁਤਾਬਕ ਪਿਛਲੇ ਚਾਰ ਸਾਲਾਂ ਵਿੱਚ ਲੱਗਭੱਗ 6 ਲੱਖ ਪ੍ਰਵਾਸੀ ਲੋਕ ਲੀਬੀਆ ਰਸਤੇ ਇਟਲੀ ਅਤੇ ਯੂਰਪ ਵਿੱਚ ਦਾਖਲ ਹੋਏ ਹਨ।

Share.

About Author

Leave A Reply