ਵਲਿੰਗਟਨ ਵਿਖੇ ਹਾਈ ਕਮਿਸ਼ਨਰ ਅਤੇ ਆਕਲੈਂਡ ਵਿਖੇ ਆਨਰੇਰੀ ਕੌਂਸਲੇਟ ਵੱਲੋਂ ਤਿੰਰਗੇ ਨੂੰ ਸਲਾਮੀ

0

ਔਕਲੈਂਡ / ਹਰਜਿੰਦਰ ਸਿੰਘ ਬਸਿਆਲਾ
ਨਿਊਜ਼ੀਲੈਂਡ ਵਿਖੇ ਭਾਰਤੀਆਂ ਦੀ ਆਮਦ ਨੂੰ ਸਵਾ ਸੌ ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ਹੈ ਅਤੇ ਭਾਰਤੀ ਹਾਈ ਕਮਿਸ਼ਨ ਖੁੱਲ੍ਹੇ ਨੂੰ 66 ਸਾਲ ਦਾ ਸਮਾਂ ਹੋ ਗਿਆ ਹੈ। ਬੀਤੇ ਕੱਲ੍ਹ ਭਾਰਤ ਦਾ 69ਵਾਂ ਗਣਤੰਤਰ ਦਿਵਸ ਇਥੇ ਦੋ ਥਾਵਾਂ ਉਤੇ ਮਨਾਉਣ ਨਾਲ ਇਹ ਸਾਬਿਤ ਹੋ ਗਿਆ ਕਿ ਇਥੇ ਵਸਦੇ ਭਾਰਤੀਆਂ ਦੀ ਜਿੱਥੇ ਗਿਣਤੀ ਲਗਾਤਾਰ ਵਧ ਰਹੀ ਹੈ ਉਥੇ ਨਿਊਜ਼ੀਲੈਂਡ ਅਤੇ ਭਾਰਤ ਦੇ ਸਬੰਧ ਵੀ ਹੋਰ ਅੱਗੇ ਵਧ ਰਹੇ ਹਨ। ਆਕਲੈਂਡ ਵਿਖੇ ਭਾਰਤੀ ਤਿਰੰਗਾ ਆਨਰੇਰੀ ਕੌਂਸਲੇਟ ਦੀ ਰਿਹਾਇਸ਼ ਉਤੇ ਸਵੇਰੇ 8.40 ਵਜੇ ਸ੍ਰੀ ਭਵਦੀਪ ਸਿੰਘ ਢਿੱਲੋਂ ਵੱਲੋਂ ਲਹਿਰਾਇਆ ਗਿਆ ਅਤੇ ਸਲਾਮੀ ਦਿੱਤੀ ਗਈ। ਇਸਦੇ ਨਾਲ ਹੀ ਰਾਸ਼ਟਰੀ ਗੀਤ ਜਨ-ਗਣ-ਮਨ ਗਾਇਆ ਗਿਆ ਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲੱਗੇ। ਥੋੜ੍ਹੇ ਜਿਹੇ ਵਕਫੇ ਬਾਅਦ ‘ਵੰਦੇ ਮਾਤਰਮ’ ਦਾ ਗੀਤ ਇਕ ਸਥਾਨਕ ਕਲਾਕਾਰ ਸ੍ਰੀ ਆਂਚਲ ਵੱਲੋਂ ਗਿਟਾਰ ਨਾਲ ਗਾਇਆ ਗਿਆ। ਇਕ ਹੋਰ ਪੇਸ਼ਕਾਰਾ ਕਸ਼ਿਕਾ ਨੇ ‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ ਗੀਤ’ ਗਾ ਕੇ ਦੇਸ਼ ਭਗਤੀ ਦਾ ਮਾਹੌਲ ਸਿਰਜਿਆ। ਆਨਰੇਰੀ ਹਾਈ ਕਮਿਸ਼ਨਰ ਸ੍ਰੀ ਭਵਦੀਪ ਸਿੰਘ ਢਿੱਲੋਂ ਨੇ ਗਣਤੰਤਰ ਦਿਵਸ ਉਤੇ ਸੰਖੇਪ ਭਾਸ਼ਣ ਦਿੱਤਾ। ਭਾਰਤ ਅਤੇ ਨਿਊਜ਼ੀਲੈਂਡ ਸਰਕਾਰ ਦੁਆਰਾ ਵਿਕਸਤ ਹੋ ਰਹੇ ਨਿੱਘੇ ਸਬੰਧਾਂ ਬਾਰੇ ਉਨ੍ਹਾਂ ਜ਼ਿਕਰ ਕੀਤਾ। ਇਸ ਤੋਂ ਬਾਅਦ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ।
ਇਸੇ ਤਰ੍ਹਾਂ ਵਲਿੰਗਟਨ ਵਿਖੇ ਵੀ ਭਾਰਤ ਭਵਨ, 48 ਕੇਂਪ ਸਟ੍ਰੀਟ ਕਿਲਬਿਰੀਨੀ ਵਿਖੇ 10.30 ਵਜੇ ਗਣਤੰਤਰ ਦਿਵਸ ਮਨਾਇਆ ਗਿਆ ਹੈ। ਹਾਈ ਕਮਿਸ਼ਨਰ ਸ੍ਰੀ ਸੰਜੀਵ ਕੋਹਲੀ ਹੋਰਾਂ ਨੇ ਤਿਰੰਗਾ ਝੰਡਾ ਲਹਿਰਾਇਆ। ਇਸਦੇ ਨਾਲ ਹੀ ਰਾਸ਼ਟਰੀ ਗੀਤ ਜਨ-ਗਣ-ਮਨ ਗਾਇਨ ਕੀਤਾ ਗਿਆ। ਇਸ ਤੋਂ ਬਾਅਦ ਮਹਾਤਮਾ ਗਾਂਧੀ ਜੀ ਦੇ ਬੁੱਤ ਉਤੇ ਫੁੱਲ ਚੜ੍ਹਾਏ ਗਏ। ਉਪਰੰਤ ਹਾਈ ਕਮਿਸ਼ਨਰ ਨੇ ਭਾਰਤੀ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਦਾ ਸੰਦੇਸ਼ ਪੜ੍ਹ ਕੇ ਸੁਣਾਇਆ। ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਅਤੇ ਭਾਰਤੀ ਨ੍ਰਿਤ ਪੇਸ਼ ਕੀਤਾ। ਕਾਫੀ ਗਿਣਤੀ ਦੇ ਵਿਚ ਭਾਰਤੀ ਲੋਕਾਂ ਨੇ ਸ਼ਿਰਕਤ ਕੀਤੀ। ਸਾਰਿਆਂ ਨੂੰ  ਚਾਹ-ਪਾਣੀ ਵੀ ਪਿਆਇਆ ਗਿਆ।

Share.

About Author

Leave A Reply