ਦੁਨੀਆਂ ਸਾਥ ਦੇਵੇ ਜਿੱਥੇ ਜਿੱਥੇ ਵੀ ਅੱਤਵਾਦੀ ਪਨਾਹਗਾਹਾਂ ਹਨ, ਸਭ ਖਤਮ ਕਰ ਦਿਆਂਗੇ : ਅਮਰੀਕਾ

0


ਵਾਸ਼ਿੰਗਟਨ (ਆਵਾਜ਼ ਬਿਊਰੋ)-ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਵਿੱਚ ਬੀਤੇ ਦਿਨ ਬੰਬ ਧਮਾਕੇ ਦੌਰਾਨ ਸੌ ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਘਟਨਾ ਉਪਰੰਤ ਅਮਰੀਕਾ ਨੇ ਸਖਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਦੁਨੀਆਂ ਦੇ ਉਹ ਸਾਰੇ ਦੇਸ਼ ਸਾਡੀ ਮੱਦਦ ਕਰਨ ਜੋ ਆਪਣੇ ਖੇਤਰ ਵਿੱਚ ਅਮਨ ਸ਼ਾਂਤੀ ਚਾਹੁੰਦੇ ਹਨ। ਅਮਰੀਕਾ ਨੇ ਕਿਹਾ ਕਿ ਸਾਰੇ ਦੇਸ਼ਾਂ ਦਾ ਸਾਥ ਮਿਲੇ ਤਾਂ ਅਸੀਂ ਉਹ ਸਾਰੀਆਂ ਪਨਾਹਗਾਹਾਂ ਖਤਮ ਕਰ ਦਿਆਂਗੇ, ਜਿੱਥੇ ਤਾਲਿਬਾਨ ਅਤੇ ਹੋਰ ਅੱਤਵਾਦੀਆਂ ਨੂੰ ਲੁਕਣ-ਛੁਪਣ ਲਈ ਥਾਂ ਅਤੇ ਸਹੂਲਤਾਂ  ਦਿੱਤੀਆਂ ਜਾਂਦੀਆਂ ਹਨ। ਸਾਰੀ ਦੁਨੀਆਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਅਮਰੀਕਾ ਨੇ ਪਾਕਿਸਤਾਨ ਨੂੰ ਚਿਤਾਵਨੀ ਵੀ ਜਾਰੀ ਕੀਤੀ ਹੈ। ਅਮਰੀਕਾ ਨੇ ਕਿਹਾ ਕਿ ਤਾਲਿਬਾਨ ਅਤੇ ਹਕਾਨੀ ਨੈੱਟਵਰਕ ਦੇ ਨੇਤਾ ਪਾਕਿਸਤਾਨ ਵਿੱਚ ਹੀ ਮੌਜੂਦ ਹਨ। ਕਾਬਲ ਵਿੱਚ ਧਮਾਕੇ ਤੋਂ ਬਾਅਦ ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ-ਟਿਲਰਸਨ ਖੁਦ ਮੀਡੀਆ ਦੇ ਸਾਹਮਣੇ ਆਏ ਅਤੇ ਕਿਹਾ ਕਿ ਅਫਗਾਨਿਸਤਾਨ ਸਮੇਤ ਦੁਨੀਆਂ ਦੇ ਜੋ ਵੀ ਦੇਸ਼ ਅਮਨ ਅਤੇ ਸ਼ਾਂਤੀ ਚਾਹੁੰਦੇ ਹਨ, ਉਨ੍ਹਾਂ ਨੂੰ ਸਾਡੇ ਨਾਲ ਹੱਥ ਮਿਲਾਉਣਾ ਹੋਵੇਗਾ।  ਆਮ ਤੌਰ ‘ਤੇ ਅਮਰੀਕੀ ਵਿਦੇਸ਼ ਮੰਤਰੀ ਜਾਂ ਹੋਰ ਸੀਨੀਅਰ ਮੰਤਰੀ ਮੀਡੀਆ ਦੇ ਸਾਹਮਣੇ ਸਿੱਧੇ ਨਹੀਂ ਆਉਂਦੇ। ਇਸ ਤਰ੍ਹਾਂ ਦੇ ਬਿਆਨ ਵਾਈਟ ਹਾਊਸ ਜਾਂ ਪੈਂਟਾਗਨ ਵੱਲੋਂ ਹੀ ਜਾਰੀ ਕੀਤੇ ਜਾਂਦੇ ਹਨ, ਪਰ ਅਫਗਾਨੀ ਹਮਲੇ ਤੋਂ ਬਾਅਦ ਅਮਰੀਕੀ ਵਿਦੇਸ਼ ਮੰਤਰੀ ਨੇ ਖੁਦ ਮੀਡੀਆ ਸਾਹਮਣੇ ਆਉਂਦਿਆਂ ਕਿਹਾ ਹੈ ਕਿ ਹੁਣ ਇਹ ਜ਼ਰੂਰੀ ਹੋ ਗਿਆ ਹੈ ਕਿ ਤਾਲਿਬਾਨ ਵਰਗੇ ਅੱਤਵਾਦੀ ਸੰਗਠਨਾਂ ਖਿਲਾਫ ਆਖਰੀ ਜੰਗ ਸ਼ੁਰੂ ਕਰ ਦਿੱਤੀ ਜਾਵੇ।

Share.

About Author

Leave A Reply