ਹਾਫਿਜ਼ ਸਈਅਦ ਸਾਹਿਬ ਖਿਲਾਫ ਪਾਕਿਸਤਾਨ ਵਿੱਚ ਕੋਈ ਕੇਸ ਨਹੀਂ-ਪਾਕਿ ਪ੍ਰਧਾਨ ਮੰਤਰੀ

0


ਲਾਹੌਰ (ਆਵਾਜ਼ ਬਿਊਰੋ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਕਾਨ ਅਬਾਸੀ ਦੇ ਭਾਰਤ ਵਿੱਚ ਮੁੰਬਈ ਹਮਲਿਆਂ ਦੇ ਦੋਸ਼ੀ ਹਾਫਿਜ ਸਈਅਦ ਨੂੰ ”ਹਾਇਫ ਸਈਅਦ ਸਾਹਿਬ” ਕਹਿੰਦਿਆਂ ਕਿਹਾ ਹੈ ਕਿ ਉਨ੍ਹਾਂ ਖਿਲਾਫ ਪਾਕਿਸਤਾਨ ਵਿੱਚ ਕੋਈ ਕੇਸ ਦਰਜ ਨਹੀਂ ਹੈ। ਇਸ ਲਈ ਉਨ੍ਹਾਂ ਖਿਲਾਫ ਕੋਈ ਕਾਰਵਾਈ ਵੀ ਨਹੀਂ ਕੀਤੀ ਜਾ ਸਕਦੀ। ਇੱਕ ਪਾਕਿਸਤਾਨੀ ਨਿਊਜ ਚੈਨਲ ਨੂੰ ਇੰਟਰਵਿਊ ਦਿੰਦਿਆਂ ਪ੍ਰਧਾਨ ਮੰਤਰੀ ਸ਼ਾਹਿਦ ਅਬਾਸੀ ਨੇ ਕਿਹਾ ਕਿ ਕਿਸੇ ਵਿਅਕਤੀ ਖਿਲਾਫ ਕੋਈ ਕਾਰਵਾਈ ਤਾਂ ਹੀ ਕੀਤੀ ਜਾ ਸਕਦੀ ਹੈ, ਜੇ ਉਸ ਖਿਲਾਫ ਕੋਈ ਕੇਸ ਦਰਜ ਹੋਵੇ। ਉਨ੍ਹਾਂ ਕਿਹਾ ਕਿ ਜਦੋਂ ਹਾਫਿਜ ਸਈਅਦ ਸਾਹਿਬ ਖਿਲਾਫ ਕੋਈ ਕੇਸ ਹੀ ਦਰਜ ਨਹੀਂ ਤਾਂ ਅਸੀਂ ਉਸ ਵਿਰੁੱਧ ਕਾਰਵਾਈ ਕਿਵੇਂ ਕਰ ਸਕਦੇ ਹਾਂ? ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਭਾਰਤ ਵੱਲੋਂ ਜੰਗ ਵਰਗਾ ਮਾਹੌਲ ਬਣਾਉਣ ਲਈ ਕੀਤੀਆਂ ਜਾ ਰਹੀਆਂ ਉਕਸਾਉਣ ਵਾਲੀਆਂ ਕਾਰਵਾਈਆਂ ਸਬੰਧੀ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਕੋਈ ਜੰਗ ਨਹੀਂ ਹੋ ਸਕਦੀ।
ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾਂ ਹੀ ਕਿਹਾ ਹੈ ਕਿ ਸਾਡੇ ਵੱਲੋਂ ਭਾਰਤ ਨਾਲ ਗੱਲਬਾਤ ਦੇ ਦਰਵਾਜ਼ੇ ਹਮੇਸ਼ਾਂ ਹੀ ਖੁੱਲ੍ਹੇ ਹਨ, ਪਰ ਜੇ ਭਾਰਤ ਨੇ ਸਾਡੇ ਵੱਲ ਸਿੱਧੇ ਰਸਤੇ ਆਉਣ ਦੀ ਥਾਂ ਸਿਰਫ ਅਮਰੀਕਾ ਰਾਹੀਂ ਹੀ ਦਰਵਾਜੇ ਖੜਕਾਉਣੇ ਹਨ ਤਾਂ ਇਹ ਉਸ ਦੀ ਮਰਜੀ ਹੈ। ਉਨ੍ਹਾਂ ਕਿਹਾ ਕਿ ਅਸੀਂ ਅਮਰੀਕਾ ਨੂੰ ਵੀ ਕਦੇ ਧੋਖਾ ਨਹੀਂ ਦਿੱਤਾ। ਉਸ ਵੱਲੋਂ ਜੋ ਦੋਸ਼ ਲਗਾਏ ਜਾ ਰਹੇ ਹਨ, ਉਨ੍ਹਾਂ ਵਿੱਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਫੌਜ ਨਾਲ ਹੀ ਸਾਡੀ ਗੱਲਬਾਤ ਜਾਰੀ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਭਾਰਤ ਅਤੇ ਅਮਰੀਕਾ ਵੱਲੋਂ ਪਾਏ ਜਾ ਰਹੇ ਦਬਾਅ ਸਬੰਧੀ ਟਿੱਪਣੀ ਕੀਤੀ ਕਿ ਜਦੋਂ ਕੋਈ ਤੁਹਾਡੀ ਖੁਦਮੁਖਤਿਆਰੀ ਨੂੰ ਚੁਣੌਤੀ ਦਿੰਦਾ ਹੈ ਤਾਂ ਹਰ ਕੋਈ ਕਮਜੋਰ ਹੋਣ ਦੇ ਬਾਵਜੂਦ ਵੀ ਦੁਨੀਆਂ ਭਰ ਨਾਲ ਲੜਨ ਲਈ ਤਿਆਰ ਹੋ ਜਾਂਦਾ ਹੈ।

Share.

About Author

Leave A Reply