2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤ ਲੱਭ ਰਿਹਾ ਹੈ ਪਾਕਿ ਅਤੇ ਚੀਨ ਨਾਲ ਲੜਾਈ ਦੇ ਬਹਾਨੇ?

0


*ਭਾਰਤ ਦੀ ਲਗਾਈ ਅੱਗ ਸਮੁੱਚੇ ਦਖਣ ਏਸ਼ੀਆ ਨੂੰ ਲਪੇਟ ਵਿੱਚ ਲੈ ਸਕਦੀ ਹੈ-ਪਾਕਿ
*ਭਾਰਤੀ ਫੌਜ ਮੁੱਖੀ ਦੀ ਬਿਆਨਬਾਜ਼ੀ ਬੰਨ੍ਹ ਸਕਦੀ ਹੈ ਤਬਾਹੀ ਦਾ ਮੁੱਢ : ਚੀਨ
ਇਸਲਾਮਾਬਾਦ./ਪੇਈਚਿੰਗ (ਆਵਾਜ਼ ਬਿਊਰੋ)-ਚੀਨ ਅਤੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਅਤੇ ਕੰਟਰੋਲ ਲਾਈਨ ਉੱਪਰ ਭਾਰਤੀ ਫੌਜ ਰਾਹੀਂ ਕੇਂਦਰ ਸਰਕਾਰ ਵੱਲੋਂ ਜੋ ਮਾਹੌਲ ਬਣਾਇਆ ਜਾ ਰਿਹਾ ਹੈ, ਉਸ ਤੋਂ ਇਹ ਸ਼ੰਕਾ ਜੋਰ ਫੜ ਰਹੀ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਾਹੌਲ ਆਪਣੇ ਹੱਕ ਵਿੱਚ ਕਰਨ ਲਈ ਅਤੇ ਦੇਸ਼ ਦੀ ਹਿੰਦੂ ਬਹੁਗਿਣਤੀ ਨੂੰ ਪਾਕਿਸਤਾਨੀ ਨਫਰਤ ਦੇ ਰੰਗ ਵਿੱਚ ਰੰਗ ਕੇ ਚੋਣਾਂ ਜਿੱਤਣ ਲਈ ਜੰਗ ਵਰਗਾ ਮਾਹੌਲ ਬਣਾਉਣ ਦੀ ਯੋਜਨਾਬੰਦੀ ਕੀਤੀ ਜਾ ਰਹੀ ਹੈ। ਭਾਰਤ ਦੀਆਂ ਇਨ੍ਹਾਂ ਹਰਕਤਾਂ ਦਾ ਪਾਕਿਸਤਾਨ ਅਤੇ ਚੀਨ ਦੋਵਾਂ ਨੇ ਜੋਰਦਾਰ ਵਿਰੋਧ ਕੀਤਾ ਹੈ। ਪਾਕਿਸਤਾਨ ਸਰਕਾਰ ਦੇ ਕਸ਼ਮੀਰ ਮਾਮਲਿਆਂ ਬਾਰੇ ਚੌਧਰੀ ਬਰਜੀਸ ਤਾਹਰ ਨੇ ਕਿਹਾ ਕਿ ਭਾਰਤ ਦੱਖਣ ਏਸ਼ੀਆ ਇਲਾਕੇ ਵਿੱਚ ਅੱਗ ਲਗਾ ਕੇ ਅਮਨ ਕਾਨੂੰਨ ਦੀ ਸਥਿਤੀ ਨੂੰ ਖਤਰੇ ਵਿੱਚ ਪਾ ਲਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਆਪਣੀਆਂ ਹਰਕਤਾਂ ਤੋਂ ਬਾਜ ਨਾ ਆਇਆ ਤਾਂ ਸਮੁੱਚਾ ਦੱਖਣ ਏਸ਼ੀਆ ਖੇਤਰ ਜੰਗ ਦੇ ਮੈਦਾਨ ਵਿੱਚ ਤਬਦੀਲ ਹੋ ਜਾਵੇਗਾ। ਪਾਕਿਸਤਾਨੀ ਮੰਤਰੀ ਨੇ ਨਾਲ ਹੀ ਇਹ ਵੀ ਕਿਹਾ ਕਿ ਭਾਰਤ ਨੂੰ ਭੁਲੇਖਾ ਹੈ ਕਿ ਅਸੀਂ ਉਸ ਦਾ ਫੌਜੀ ਸ਼ਕਤੀ ਦੇ ਮਾਮਲੇ ਵਿੱਚ ਮੁਕਾਬਲਾ ਨਹੀਂ ਕਰ ਸਕਾਂਗੇ।
ਚੌਧਰੀ ਤਾਹਰ  ਨੇ ਕਿਹਾ ਕਿ ਭਾਰਤ ਦੀਆਂ ਅੱਗ ਲਗਾਉਣ ਦੀਆਂ ਨੀਤੀਆਂ ਕਾਰਨ ਦੱਖਣ ਏਸ਼ੀਆ ਵਿੱਚ ਜੰਗ ਲੱਗਦੀ ਹੈ ਤਾਂ ਉਸ ਸਮੇਂ ਪਾਕਿਸਤਾਨ ਕੀ ਕੀ ਕਰ ਸਕਦਾ ਹੈ? ਇਸ ਬਾਰੇ ਭਾਰਤ ਵੀ ਚੰਗੀ ਤਰ੍ਹਾਂ ਜਾਣਦਾ ਹੈ। ਉਨ੍ਹਾਂ ਕਿਹਾ ਕਿ ਇਸੇ ਲਈ ਅਸੀਂ ਭਾਰਤ ਨੂੰ ਸਲਾਹ ਦਿੰਦੇ ਹਾਂ ਕਿ ਉਹ ਕਿਸੇ ਗਲਤਫਹਿਮੀ ਵਿੱਚ ਨਾ ਆਏ। ਇਸੇ ਦੌਰਾਨ ਚੀਨ ਨੇ ਵੀ ਪਾਕਿਸਤਾਨ ਅਤੇ ਉਨ੍ਹਾਂ ਦੀਆਂ ਸਰਹੱਦਾਂ ਨਾਲ ਲੱਗਦੇ ਖੇਤਰਾਂ ਵਿੱਚ ਭਾਰਤ ਵੱਲੋਂ ਤਣਾਅ ਵਾਲਾ ਮਾਹੌਲ ਬਣਾਏ ਜਾਣ ਦਾ ਸਖਤ ਨੋਟਿਸ ਲਿਆ ਹੈ। ਚੀਨ  ਨੇ ਕਿਹਾ ਕਿ ਭਾਰਤ ਨੂੰ ਗਵਾਂਢੀ ਦੇਸ਼ਾਂ ਨਾਲ ਵਿਗਾੜਨ ਦੀ ਥਾਂ ਬਣਾ ਕੇ ਰੱਖਣੀ ਚਾਹੀਦੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਕਿਹਾ ਕਿ ਪਿਛਲੇ ਸਾਲ ਭਾਰਤ ਅਤੇ ਚੀਨ ਵਿਚਾਲੇ ਸਬੰਧ ਕਈ ਵਾਰ ਤਣਾਅ ਵਾਲੇ ਬਣੇ, ਪਰ ਚੀਨੀ ਰਾਸ਼ਟਰਪਤੀ ਅਤੇ ਭਾਰਤੀ ਪ੍ਰਧਾਨ ਮੰਤਰੀ ਦੀ ਸਿਆਣਪ ਨਾਲ ਸਾਰੇ ਮਸਲੇ ਹੱਲ ਹੋਏ ਅਤੇ ਦੁਵੱਲੇ ਸਬੰਧਾਂ ਨੂੰ ਮੁੜ ਪੱਟੜੀ ਉੱਪਰ ਲਿਆਉਣ ਦੀਆਂ ਕੋਸ਼ਿਸ਼ਾਂ ਸਫਲ ਹੋਈਆਂ। ਲੂ ਕਾਂਗ ਨੇ ਕਿਹਾ ਕਿ ਸੁਧਰ ਰਹੇ ਮਾਹੌਲ ਨੂੰ ਭਾਰਤੀ ਫੌਜ ਦੇ ਮੁੱਖੀ ਗਲਤ ਬਿਆਨਬਾਜ਼ੀ ਨਾਲ ਖਰਾਬ ਕਰ ਰਹੇ ਹਨ। ਚੀਨ ਨੇ ਇਹ ਵੀ ਕਿਹਾ ਕਿ ਫੌਜ ਮੁੱਖੀ ਦੇ ਇਹ ਭੜਕਾਊ ਬਿਆਨ ਤਿੰਨਾਂ ਦੇਸ਼ਾਂ ਵਿੱਚ ਸ਼ਾਂਤੀ ਅਤੇ ਸਥਿਰਤਾ ਕਾਇਮ ਕਰਨ ਦੀ ਥਾਂ ਜੰਗ ਵਰਗਾ ਮਾਹੌਲ ਬਣਾਉਣ ਦਾ ਕੰਮ ਕਰ ਰਹੇ ਹਨ।

Share.

About Author

Leave A Reply