ਮੋਦੀ ਕ੍ਰਾਂਤੀਕਾਰੀ ਨੇਤਾ ਅਤੇ ਰਾਕ ਸਟਾਰ-ਇਜ਼ਰਾਈਲੀ ਪ੍ਰਧਾਨ ਮੰਤਰੀ

0


*ਦੋਵਾਂ ਦੇਸ਼ਾਂ ਵਿਚਾਲੇ ਰੱਖਿਆ, ਸਾਇੰਸ ਤਕਨਾਲੋਜੀ, ਸਾਈਬਰ ਸੁਰੱਖਿਆ, ਫਿਲਮਾਂ, ਹੋਮੀਓਪੈਥਿਕ ਅਤੇ ਅਲਟਰਨੇਟਿਵ ਮੈਡੀਸਨ ਸਮੇਤ ਕਈ ਖੇਤਰਾਂ ਵਿੱਚ ਪ੍ਰਮੁੱਖ ਸਮਝੌਤੇ
*ਦੋਵਾਂ ਨੇਤਾਵਾਂ ਨੇ ਇੱਕ ਦੂਜੇ ਦੀਆਂ ਸਿਫਤਾਂ ਦੇ ਪੁੱਲ ਬੰਨ੍ਹੇ
ਨਵੀਂ ਦਿੱਲੀ (ਆਵਾਜ਼ ਬਿਊਰੋ)-ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਿਆਹੂ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਅੱਜ ਹੈਦਰਾਬਾਦ ਹਾਊਸ ਵਿੱਚ ਬਹੁਮੰਤਵੀ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਤਕਨਾਲੋਜੀ, ਪੈਟਰੋਲੀਅਮ, ਸਾÎਇੰਸ ਤਕਨਾਲੋਜੀ, ਸਾਈਬਰ ਸੁਰੱਖਿਆ, ਫਿਲਮਾਂ ਅਤੇ ਦਵਾਈਆਂ ਦੇ ਖੇਤਰ ਵਿੱਚ ਮਹੱਤਵਪੂਰਨ ਸਮਝੌਤੇ ਹੋਏ। ਦੋਵਾਂ ਨੇਤਾਵਾਂ ਦੀ ਮੁਲਾਕਾਤ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਵਿੱਚ ਇਜ਼ਰਾਈਲੀ ਪ੍ਰਧਾਨ ਮੰਤਰੀ ਦਾ ਰਸਮੀ ਸਵਾਗਤ ਕੀਤਾ ਗਿਆ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕ੍ਰਾਂਤੀਕਾਰੀ ਨੇਤਾ ਅਤੇ ਰਾਕ ਸਟਾਰ ਕਰਾਰ ਦਿੰਦਿਆਂ ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਦੀ ਨੇ ਦੇਸ਼ ਵਿੱਚ ਇੱਕ ਨਵਾਂ ਇਨਕਲਾਬ ਲਿਆਂਦਾ ਹੈ, ਜਿਸ ਨੇ ਭਾਰਤੀਆਂ ਦਾ ਨਵੇਂ ਸਿਰਿਓਂ ਭਵਿੱਖ ਤੈਅ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਦੀ ਇਜ਼ਰਾਈਲੀ ਯਾਤਰਾ ਕਿਸੇ ਭਾਰਤੀ ਨੇਤਾ ਦੀ ਸਾਡੇ ਦੇਸ਼ ਵਿੱਚ ਪਹਿਲੀ ਯਾਤਰਾ ਸੀ। ਉਨ੍ਹਾਂ ਕਿਹਾ ਕਿ ਇਸ ਲਈ ਮੈਂ ਪ੍ਰਧਾਨ ਮੰਤਰੀ ਮੋਦੀ ਦਾ ਬੇਹੱਦ ਸ਼ੁਕਰਗੁਜ਼ਾਰ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਵਿੱਚ ਰਹਿਣ ਵਾਲੇ ਯਹੂਦੀਆਂ ਨਾਲ ਉਸ ਤਰ੍ਹਾਂ ਦਾ ਅਪਮਾਨ ਨਹੀਂ ਹੋਇਆ, ਜਿਸ ਤਰ੍ਹਾਂ ਹੋਰ ਦੇਸ਼ਾਂ ਵਿੱਚ ਹੋਇਆ। ਉਨ੍ਹਾਂ ਕਿਹਾ ਕਿ ਮੈਂ ਭਾਰਤੀ ਸੱਭਿਅਤਾ, ਖੁੱਲ੍ਹਦਿਲੀ ਅਤੇ ਲੋਕਤੰਤਰ ਨੂੰ ਸਲਾਮ ਕਰਦਾ ਹਾਂ।
ਪ੍ਰਧਾਨ ਮੰਤਰੀ ਮੋਦੀ ਨੇ ਵੀ ਇਸ ਮੌਕੇ ਕਿਹਾ ਕਿ ਮੇਰੇ ਚੰਗੇ ਦੋਸਤ ਦੀ ਭਾਰਤ ਆਮਦ ਨਾਲ ਦੋਵਾਂ ਦੇਸ਼ਾਂ ਵਿਚਾਲੇ ਦੋਸਤੀ ਅਤੇ ਕਾਰੋਬਾਰ ਦੇ ਖੇਤਰ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਜਮੀਨੀ ਪੱਧਰ ‘ਤੇ ਇਸ ਤਰੀਕੇ ਨਾਲ ਕੰਮ ਕਰਾਂਗੇ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਇਨ੍ਹਾਂ ਦਾ ਭਰਪੂਰ ਲਾਭ ਮਿਲੇਗਾ। ਮੋਦੀ ਨੇ ਕਿਹਾ ਕਿ ਪਿਛਲੇ ਸਾਲ ਮੈਂ ਸਵਾ ਕਰੋੜ ਭਾਰਤੀਆਂ ਦੀਆਂ ਸ਼ੁੱਭ ਕਾਮਨਾਵਾਂ ਲੈ ਕੇ ਇਜ਼ਰਾਈਲ ਗਿਆ ਸਾਂ ਤਾਂ ਉੱਥੋਂ ਦੇ ਲੋਕਾਂ ਨੇ ਮੈਨੂੰ ਆਪਣਾ ਪਿਆਰ ਅਤੇ ਅਸ਼ੀਰਵਾਦ ਦਿੰਦਿਆਂ ਪਲਕਾਂ ਉੱਪਰ ਬਿਠਾ ਲਿਆ ਸੀ। ਮੋਦੀ ਨੇ ਕਿਹਾ ਕਿ ਭਾਰਤ ਅਤੇ ਇਜ਼ਰਾਈਲ ਵਿਚਾਲੇ ਖੇਤੀ, ਸਾਇੰਸ ਤਕਨਾਲੋਜੀ, ਸੁਰੱਖਿਆ ਦੇ ਖੇਤਰ ਵਿੱਚ ਦੁਵੱਲੇ ਸਬੰਧਾਂ ਨਾਲ ਦੋਵਾਂ ਦੇਸ਼ਾਂ ਦਾ ਲਾਭ ਹੋਵੇਗਾ। ਉਨ੍ਹਾਂ ਸਿੱਧੇ ਵਿਦੇਸ਼ੀ ਨਿਵੇਸ਼ ਲਈ ਖੋਲ੍ਹੇ ਭਾਰਤ ਦੇ ਦਰਵਾਜ਼ਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਜ਼ਰਾਈਲੀ ਕੰਪਨੀਆਂ ਨੂੰ ਸਾਡੇ ਵੱਲੋਂ ਦਿੱਤੀ ਇਸ ਖੁੱਲ੍ਹ ਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ।

Share.

About Author

Leave A Reply