ਭਾਰਤੀ ਮੂਲ ਦੇ ਅਮਰੀਕੀ ਦੀ ਨਾਗਰਿਕਤਾ ਰੱਦ

0


ਵਾਸ਼ਿੰਗਟਨ (ਆਵਾਜ਼ ਬਿਊਰੋ)-ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਦੀ ਨਾਗਰਿਕਤਾ ਰੱਦ ਕਰ ਦਿੱਤੀ ਗਈ। ਨਿਊ ਜਰਸੀ ਵਿੱਚ ਰਹਿ ਰਹੇ 43 ਸਾਲਾ ਬਲਜਿੰਦਰ ਸਿੰਘ ਨੇ ਸਾਲ 2006 ਵਿੱਚ ਅਮਰੀਕੀ ਮੂਲ ਦੀ ਲੜਕੀ ਨਾਲ ਵਿਆਹ ਕਰਵਾ ਕੇ ਅਮਰੀਕੀ ਨਾਗਰਿਕਤਾ ਹਾਸਲ ਕੀਤੀ ਸੀ। ਅਮਰੀਕਾ ਦੇ ਨਿਆਂ ਵਿਭਾਗ ਨੇ ਕਿਹਾ ਹੈ ਕਿ ਬਲਜਿੰਦਰ ਸਿੰਘ 1991 ਵਿੱਚ ਬਿਨਾਂ ਕਿਸੇ ਕਾਗਜ ਜਾਂ ਪਹਿਚਾਣ ਦੇ ਅਮਰੀਕਾ ਪੁੱਜਾ ਸੀ, ਜਿੱਥੇ ਉਸ ਨੇ ਆਪਣਾ ਨਾਂਅ ਦਵਿੰਦਰ ਸਿੰਘ ਦੱਸਿਆ ਸੀ। ਇਸ ਮਾਮਲੇ ਵਿੱਚ ਅਦਾਲਤ ਵਿੱਚ ਸੁਣਵਾਈ ਦੌਰਾਨ ਬਲਜਿੰਦਰ ਸਿੰਘ ਅਦਾਲਤ ਨੂੰ ਚਕਮਾ ਦੇ ਗਿਆ। ਜਿਸ ਤੋਂ ਬਾਅਦ ਉਸ ਨੂੰ 1992 ਦੇ ਜਨਵਰੀ ਮਹੀਨੇ ਅਮਰੀਕਾ ਵਿੱਚੋਂ ਕੱਢਣ ਦਾ ਹੁਕਮ ਦਿੱਤਾ ਗਿਆ। ਉਸ ਤੋਂ ਇੱਕ ਮਹੀਨੇ ਬਾਅਦ ਇਸ ਦਵਿੰਦਰ ਸਿੰਘ ਨੇ ਇੱਕ ਅਮਰੀਕਨ ਔਰਤ ਨਾਲ ਵਿਆਹ ਕਰਵਾ ਕੇ ਬਲਜਿੰਦਰ ਸਿੰਘ ਦੇ ਨਾਂਅ ਹੇਠ ਅਮਰੀਕਾ ਵਿੱਚ ਸ਼ਰਨ ਮੰਗੀ।
ਵਿਆਹ ਕਰਵਾਉਣ ਤੋਂ ਬਾਅਦ ਉਸ ਨੂੰ ਅਮਰੀਕੀ ਨਾਗਰਿਕਤਾ ਵੀ ਮਿਲ ਗਈ।  ਦਵਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਦਾ ਮਾਮਲਾ ਮੁੜ ਜਾਂਚ ਵਿੱਚ ਆ ਜਾਣ ਤੋਂ ਬਾਅਦ ਨਿਊ ਜਰਸੀ ਦੀ ਇੱਕ ਫੈਡਰਲ ਅਦਾਲਤ ਨੇ ਬਲਜਿੰਦਰ ਸਿੰਘ ਦੀ ਅਮਰੀਕੀ ਨਾਗਰਿਕਤਾ ਖਤਮ ਕਰ ਦਿੱਤੀ ਹੈ। ਹੁਣ ਉਸ ਨੂੰ ਅਮਰੀਕਾ ਵਿੱਚੋਂ ਕੱਢੇ ਜਾਣ ਦੀ ਕਾਰਵਾਈ ਹੋ ਸਕਦੀ ਹੈ। ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਮਾਮਲਾ ਧੋਖਾਧੜੀ ਕਰਕੇ ਕਿਸੇ ਵੀ ਦੇਸ਼ ਦੀ ਨਾਗਰਿਕਤਾ ਲੈਣ ਵਾਲਿਆਂ ਲਈ ਇੱਕ ਸਖਤ ਸੰਦੇਸ਼ ਹੈ। ਅਮਰੀਕੀ ਨਿਆਂ ਵਿਭਾਗ ਨੇ ਦੱਸਿਆ ਕਿ ਹੋਮਲੈਂਡ ਸੁਰੱਖਿਆ ਵਿਭਾਗ ਵੱਲੋਂ ਇਮੀਗਰੇਸ਼ਨ ਫਰਜੀਵਾੜੇ ਨੂੰ ਲੈ ਕੇ ਲੰਬੇ ਸਮੇਂ ਤੋਂ ਚਲਾਏ ਜਾ ਰਹੇ ਅਪਰੇਸ਼ਨ ਦੇ ਮਾਮਲੇ ਵਿੱਚ ਨਾਗਰਿਕਤਾ ਖਤਮ ਕਰਨ ਦਾ ਇਹ ਪਹਿਲਾ ਮਾਮਲਾ ਹੈ।

Share.

About Author

Leave A Reply