ਐੱਚ-1 ਬੀ ਵੀਜ਼ੇ ਵਾਲੇ ਕਰਦੇ ਹਨ ਨਵੀਆਂ ਖੋਜਾਂ, ਆਰਥਿਕਤਾ ਹੋਵੇਗੀ ਮਜ਼ਬੂਤ : ਸੰਸਦ ਮੈਂਬਰ

0


ਵਾਸ਼ਿੰਗਟਨ (ਆਵਾਜ਼ ਬਿਊਰੋ)-ਅਮਰੀਕੀ ਸੰਸਦ ਮੈਂਬਰਾਂ ਨੇ ਟਰੰਪ ਪ੍ਰਸ਼ਾਸਨ ਦੇ ਉਸ ਫੈਸਲੇ ਦਾ ਸਵਾਗਤ ਕੀਤਾ ਹੈ, ਜਿਸ ਵਿੱਚ  ਐੱਚ-1 ਬੀ ਵੀਜਾ ਐਕਸਟੈਂਸ਼ਨ ਨੀਤੀ ਵਿੱਚ ਕੋਈ ਤਬਦੀਲੀ ਨਾ ਕਰਨ ਬਾਰੇ ਕਿਹਾ ਗਿਆ ਹੈ। ਅਮਰੀਕੀ ਸੰਸਦ ਮੈਂਬਰਾਂ ਨੇ ਕਿਹਾ ਹੈ ਕਿ ਐੱਚ-1 ਬੀ ਵੀਜਾ ਹੋਲਡਰ ਨਵੀਆਂ ਖੋਜਾਂ ਕਰਦੇ ਹਨ। ਇਸ ਦੇ ਚੱਲਦਿਆਂ ਅਮਰੀਕੀ ਆਰਥਿਕਤਾ ਨੂੰ ਮਜ਼ਬੂਤੀ ਮਿਲਦੀ ਹੈ।  ਇੰਡੀਅਨ ਅਮਰੀਕਨ ਸੰਸਥਾ ਦੀ ਕੋ-ਚੇਅਰਮੈਨ ਤੁਲਸੀ ਗਬਾਰਡ ਨੇ ਕਿਹਾ ਕਿ ਐੱਚ-1-ਬੀ ਵੀਜਾ ਹੋਲ਼ਡਰ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਲੋਕਾਂ ਦੇ ਅਮਰੀਕਾ ਵਿੱਚ ਛੋਟੇ ਛੋਟੇ ਕਾਰੋਬਾਰ ਹਨ। ਇਹ ਲੋਕ ਨਵੀਆਂ ਖੋਜਾਂ ਕਰਨ ਵਿੱਚ ਮਾਹਿਰ ਹਨ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਵੱਖ-ਵੱਖ ਕੰਮਾਂ ਵਿੱਚ ਮਾਹਿਰ ਅਮਰੀਕੀ ਲੋਕਾਂ ਨੂੰ ਟਰੇਨਿੰਗ ਦੇਣ ਅਤੇ ਨੌਕਰੀਆਂ ਦੇਣ ਦੀ ਗੱਲ ਕਰਦੇ ਹਾਂ ਤਾਂ ਇਹ ਜਰੂਰੀ ਹੋ ਜਾਂਦਾ ਹੈ ਕਿ ਟਰੇਂਡ ਐੱਚ-1-ਬੀ ਵੀਜਾ ਧਾਰਕਾਂ ਨੂੰ ਦੇਸ਼ ਵਿੱਚ ਰਹਿਣ ਦੀ ਛੋਟ ਜਾਰੀ ਰੱਖੀ ਜਾਵੇ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਹੀ ਇਨ੍ਹਾਂ ਇੰਡੋ ਅਮਰੀਕਨ ਸੰਸਦ ਮੈਂਬਰਾਂ ਨੇ ਟਰੰਪ ਪ੍ਰਸ਼ਾਸਨ ਦੇ ਐੱਚ-1 ਬੀ ਵੀਜਾ ਨੀਤੀ ਵਿੱਚ ਸੋਧ ਦਾ ਜੋਰਦਾਰ ਵਿਰੋਧ ਕੀਤਾ ਸੀ ਅਤੇ ਕਿਹਾ ਸੀ ਕਿ ਇਹ ਸੋਧਾਂ ਲਾਗੂ ਹੋਣ ਤੇ ਅਮਰੀਕਾ ਨਿਪੁੰਨ ਲੋਕਾਂ ਤੋਂ ਸੱਖਣਾ ਹੋ ਜਾਵੇਗਾ। ਇਹ ਸੋਧ ਨਾ ਕਰਨ ਲਈ ਇਨ੍ਹਾਂ ਸੰਸਦ ਮੈਂਬਰਾਂ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇੱਕ ਪੱਤਰ ਵੀ ਲਿਖਿਆ ਸੀ। ਬੀਤੇ ਕੱਲ੍ਹ ਟਰੰਪ ਪ੍ਰਸ਼ਾਸਨ ਨੇ ਇਨ੍ਹਾਂ ਸੰਸਦ ਮੈਂਬਰਾਂ ਦੇ ਵਿਚਾਰਾਂ ਨਾਲ ਸਹਿਮਤ ਹੁੰਦਿਆਂ ਐੱਚ-1 ਬੀ ਵੀਜਾ ਨੀਤੀ ਵਿੱਚ ਸੋਧ ਕਰਨ ਦਾ ਫੈਸਲਾ ਵਾਪਸ ਲੈ ਲਿਆ ਸੀ। ਇਸ ਨਾਲ ਅਮਰੀਕਾ ਵੱਸੇ ਕਈ ਲੱਖ ਭਾਰਤੀਆਂ ਦੇ ਦੇਸ਼ ਵਾਪਸ ਆਉਣ ਦੀ ਲਟਕ ਰਹੀ ਤਲਵਾਰ ਦੂਰ ਹੋ ਗਈ ਸੀ।

Share.

About Author

Leave A Reply