ਅਮਰੀਕਾ ਦੇ ਵਿਨਾਸ਼ ਲਈ ਐਟਮੀ ਹਥਿਆਰਾਂ  ਦਾ ਬਟਨ ਮੇਰੀ ਟੇਬਲ ਉੱਪਰ : ਕਿੰਮ ਜਾਂਗ

0


ਵਾਸ਼ਿੰਗਟਨ (ਆਵਾਜ਼ ਬਿਊਰੋ)-ਨਵੇਂ ਸਾਲ ਦੇ ਜਸ਼ਨਾਂ ਦੌਰਾਨ ਜਿੱਥੇ ਵਿਸ਼ਵ ਭਰ ਦੇ ਲੋਕ ਖੁਸ਼ੀਆਂ ਵਿੱਚ ਡੁੱਬੇ ਹੋਏ ਹਨ, ਉੱਥੇ  ਉੱਤਰ ਕੋਰੀਆ ਦੇ ਤਾਨਾਸ਼ਾਹ ਕਿੰਮ ਜਾਂਗ ਨੇ ਬੀਤੀ ਅੱਧੀ ਰਾਤ ਟੀ.ਵੀ. ਉੱਪਰ ਐਲਾਨ ਕੀਤਾ ਕਿ ਸਾਰਾ ਅਮਰੀਕਾ ਮੇਰੇ ਪ੍ਰਮਾਣੂ ਹੱਥਿਆਰਾਂ ਦੀ ਰੇਂਜ ਵਿੱਚ ਹੈ। ਉਸ ਨੇ ਇਹ ਵੀ ਕਿਹਾ ਕਿ ਇਨ੍ਹਾਂ ਪ੍ਰਮਾਣੂ ਹੱਥਿਆਰਾਂ ਨੂੰ ਚਲਾਉਣ ਦਾ ਬਟਨ ਹਮੇਸ਼ਾਂ ਮੇਰੀ ਟੇਬਲ ਉੱਪਰ ਰਹਿੰਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਿੱਧੀ ਧਮਕੀ ਦਿੰਦਿਆਂ ਉੱਤਰ ਕੋਰੀਆ ਦੇ ਤਾਨਾਸ਼ਾਹ ਨੇ ਕਿਹਾ ਕਿ  ਇਹ ਸਿਰਫ ਧਮਕੀ ਨਹੀਂ, ਸੱਚਾਈ ਹੈ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਭਾਵ 2017 ਦੀ ਸ਼ੁਰੂਆਤ ਵੇਲੇ ਵੀ ਕਿਮ ਜਾਂਗ ਨੇ ਇਸੇ ਤਰ੍ਹਾਂ ਦੀ ਹੀ ਧਮਕੀ ਦਿੱਤੀ ਸੀ ਅਤੇ ਕਿਹਾ ਸੀ ਕਿ ਉੱਤਰ ਕੋਰੀਆ ਆਪਣੇ ਪ੍ਰਮਾਣੂ ਹੱਥਿਆਰਾਂ ਦੇ ਪ੍ਰੋਗਰਾਮ ਨੂੰ ਤੇਜ਼ੀ ਨਾਲ ਅੱਗੇ ਵਧਾਉਂਦਾ ਜਾਵੇਗਾ। ਕਿੰਮ ਜਾਂਗ ਨੇ ਬੀਤੀ ਰਾਤ ਟੀ.ਵੀ. ਰਾਹੀ ਆਪਣੇ ਦੇਸ਼ ਦੇ ਲੋਕਾਂ ਨੂੰ ਨਵੇਂ ਸਾਲ ਦਾ ਸੰਦੇਸ਼ ਦਿੱਤਾ ਅਤੇ ਇਸ ਦੌਰਾਨ ਅਮਰੀਕਾ ਦਾ ਵੀ ਜਿਕਰ ਕੀਤਾ। ਉਸ ਨੇ ਕਿਹਾ ਕਿ ਉੱਤਰ ਕੋਰੀਆ ਦੇ ਲੋਕ ਅਮਰੀਕਾ ਤੋਂ ਬਿਲਕੁਲ ਨਾ ਡਰਨ, ਕਿਉਂਕਿ ਅਮਰੀਕਾ ਕਦੇ ਵੀ ਸਾਡੇ ਖਿਲਾਫ ਜੰਗ ਸ਼ੁਰੂ ਕਰਨ ਦਾ ਹੌਂਸਲਾ ਨਹੀਂ ਕਰ ਸਕਦਾ। ਕਿੰਮ ਜਾਂਗ ਨੇ ਕਿਹਾ ਕਿ ਸਾਡੇ ਐਟਮੀ ਹੱਥਿਆਰ ਪੂਰੇ ਅਮਰੀਕਾ ਨੂੰ ਤਬਾਹ ਕਰਨ ਦੀ ਸ਼ਕਤੀ ਰੱਖਦੇ ਹਨ। ਤਾਨਾਸ਼ਾਹ ਨੇ ਇਹ ਵੀ ਕਿਹਾ ਕਿ ਇਨ੍ਹਾਂ ਐਟਮੀ ਹੱਥਿਆਰਾਂ ਦਾ ਬਟਨ ਹਮੇਸ਼ਾਂ ਮੇਰੀ ਟੇਬਲ ਉੱਪਰ ਰਹਿੰਦਾ ਹੈ। ਦੂਸਰੇ ਪਾਸੇ ਅਮਰੀਕਾ ਨੇ ਉੱਤਰ ਕੋਰੀਆ ਦੇ ਇਸ ਤਾਨਾਸ਼ਾਹ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਕਿੰਮ ਜਾਂਗ ਅਮਰੀਕਾ ਉੱਪਰ ਹਮਲੇ ਦੀ ਕੋਈ ਪਲਾਨਿੰਗ ਕਰਦੇ ਹਨ ਤਾਂ ਉਨ੍ਹਾਂ ਦਾ ਹਸ਼ਰ ਵੀ ਲੀਬੀਆ ਦੇ ਤਾਨਾਸ਼ਾਹ ਗੱਦਾਫੀ ਜਾਂ ਇਰਾਕ ਦੇ ਤਾਨਾਸ਼ਾਹ ਸੱਦਾਮ ਹੁਸੈਨ ਵਰਗਾ ਹੋਵੇਗਾ।  ਦੂਸਰੇ ਪਾਸੇ ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਮਿਸ਼ਨ ਦੇ ਬੁਲਾਰੇ ਜੋਨਾਥਨ ਵਾਸ਼ੇਲ ਨੇ ਕਿਹਾ ਹੈ ਕਿ ਰੂਸ ਅਤੇ ਚੀਨ ਕਦੀ ਵੀ ਨਹੀਂ ਚਾਹੁੰਣਗੇ ਕਿ ਉਨ੍ਹਾਂ ਦੇ ਆਲੇ ਦੁਆਲੇ ਕੋਈ ਪ੍ਰਮਾਣੁ ਤਾਕਤ ਮੌਜੂਦ ਰਹੇ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਹਮੇਸ਼ਾਂ ਤਿਆਰ ਹਨ।

Share.

About Author

Leave A Reply