ਕਸ਼ਮੀਰ ਨੂੰ ਆਜ਼ਾਦੀ ਦਿਵਾਉਣ ਲਈ ਹਾਫਿਜ ਦਾ ਸੰਘਰਸ਼ ਸ਼ਲਾਘਾਯੋਗ : ਪਾਕਿ ਫੌਜ ਮੁਖੀ

0


ਇਸਲਾਮਾਬਾਦ (ਆਵਾਜ਼ ਬਿਊਰੋ)-ਸੰਯੁਕਤ ਰਾਸ਼ਟਰ ਵੱਲੋਂ ਅੱਤਵਾਦੀ ਐਲਾਨੇ ਜਾ ਚੁੱਕੇ ਹਾਫਿਜ ਸਈਅਦ ਜਿਸ ਨੇ ਸੰਯੁਕਤ ਰਾਸ਼ਟਰ ਵਿੱਚ ਆਪਣੇ ਨਾਂਅ ਨਾਲ ਜੋੜੇ ਜਾਂਦੇ ਅੱਤਵਾਦੀ ਸ਼ਬਦ ਨੂੰ ਹਟਾਉਣ ਦੀ ਅਪੀਲ ਕੀਤੀ ਹੈ, ਦੇ ਬਾਰੇ ਪਾਕਿਸਤਾਨੀ ਫੌਜ ਦੇ ਮੁੱਖੀ ਜਨਰਲ ਕਮਰ ਬਾਜਵਾ ਨੇ ਕਿਹਾ ਹੈ ਕਿ ਹਾਫਿਜ ਸਈਅਦ ਕਸ਼ਮੀਰੀ ਲੋਕਾਂ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਸ਼ਲਾਘਾਯੋਗ ਯੋਗਦਾਨ ਪਾ ਰਹੇ ਹਨ। ਸੈਨਿਟ ਕਮੇਟੀ ਦੀ ਬੰਦ ਕਮਰਾ ਹੋਈ ਮੀਟਿੰਗ ਦੌਰਾਨ ਬਾਜਵਾ ਨੇ ਕਿਹਾ ਕਿ ਹਰ ਪਾਕਿਸਤਾਨੀ ਦੀ ਤਰ੍ਹਾਂ ਹਾਫਿਜ ਸਈਅਦ ਨੂੰ ਵੀ ਭਾਰਤੀ ਕਬਜ਼ੇ ਹੇਠਲੇ ਕਸ਼ਮੀਰ ਦੀ ਆਜ਼ਾਦੀ ਦੀ ਗੱਲ ਕਰਨ ਦਾ ਪੂਰਾ ਅਧਿਕਾਰ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਰਹਿ ਚੁੱਕੇ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਵੀ ਕਹਿ ਚੁੱਕੇ ਹਨ ਕਿ ਕਸ਼ਮੀਰ ਆਜ਼ਾਦੀ ਦੇ ਮਾਮਲੇ ਵਿੱਚ ਉਹ ਹਾਫਿਜ ਸਈਅਦ ਅਤੇ ਲਸ਼ਕਰ-ਏ-ਤੋਇਬਾ ਦੇ ਸੰਘਰਸ਼ ਵਿੱਚ ਹਰ ਸਹਿਯੋਗ ਲਈ ਤਿਆਰ ਹਨ। ਫੌਜ ਮੁੱਖੀ ਬਾਜਵਾ ਨੇ ਕਿਹਾ ਕਿ ਕਸ਼ਮੀਰੀਆਂ ਦੀ ਸਮੱਸਿਆ ਸੁਲਝਾਉਣ ਵਿੱਚ ਹਾਫਿਜ ਸਈਅਦ ਨੇ ਹਮੇਸ਼ਾਂ ਹੀ ਸਰਗਰਮ ਭੂਮਿਕਾ ਨਿਭਾਈ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਫੈਜਾਬਾਦ ਵਿੱਚ ਹੋਏ ਪ੍ਰਦਰਸ਼ਨ ਵਿੱਚ ਪਾਕਿਸਤਾਨੀ ਫੌਜ ਦਾ ਕੋਈ ਰੋਲ ਨਹੀਂ ਸੀ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਬਾਜਵਾ ਨੇ ਕਿਹਾ ਕਿ ਜੇ ਇਸ ਪ੍ਰਦਰਸ਼ਨ ਵਿੱਚ ਫੌਜ ਦੀ ਭੂਮਿਕਾ ਸਾਬਤ ਹੋ ਜਾਂਦੀ ਹੈ ਤਾਂ ਉਹ ਫੌਜ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ।

Share.

About Author

Leave A Reply