ਬਦਲ ਰਹੀਆਂ ਤਕਨੀਕਾਂ ਕਾਰਨ ਮਜ਼ਬੂਤ ਹੋ ਰਹੀ ਹੈ ਔਰਤ : ਇਵਾਂਕਾ ਟਰੰਪ

0

ਆਤਮ ਵਿਸ਼ਵਾਸ, ਕਾਬਲੀਅਤ ਅਤੇ ਪੈਸਾ ਹਰ ਸਫਲਤਾ ਲਈ ਪਹਿਲੀ ਸ਼ਰਤ : ਚੇਰੀ ਬਲੇਅਰ
*ਭਾਰਤੀ ਔਰਤਾਂ ਹਰ ਖੇਤਰ ਵਿੱਚ ਅੱਗੇ-ਚੰਦਰਾ ਕੋਚਰ
ਹੈਦਰਾਬਾਦ (ਆਵਾਜ਼ ਬਿਊਰੋ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪੁੱਤਰੀ ਇਵਾਂਕਾ ਟਰੰਪ ਨੇ 8ਵੇਂ ਗਲੋਬਲ ਉੱਦਮੀ ਸੰਮੇਲਨ ਦੇ ਦੂਸਰੇ ਦਿਨ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿਦੇਸ਼ ਵਿੱਚ ਰਸੋਈ ਤੋਂ ਲੈ ਕੇ ਕਾਰੋਬਾਰੀ ਅਦਾਰਿਆਂ ਤੱਕ ਔਰਤ ਇਸ ਲਈ ਮਜਬੂਤ ਅਤੇ ਖੁਸ਼ਹਾਲ ਹੋ ਰਹੀ ਹੈ ਕਿ ਦੇਸ਼ ਵਿਦੇਸ਼ ਵਿੱਚ ਕੰਮਕਾਰ ਦਾ ਮਾਹੌਲ ਅਤੇ ਕੰਮ ਕਰਨ ਦੇ ਢੰਗ ਤਰੀਕਿਆਂ ਦੀਆਂ ਤਕਨੀਕਾਂ ਬਦਲ ਗਈਆਂ ਹਨ। ਔਰਤਾਂ ਨੂੰ ਘਰ ਅਤੇ ਬਾਹਰ ਤਰੱਕੀ ਕਰਨ ਲਈ ਪਰਿਵਾਰ ਅਤੇ ਸੋਸਾਇਟੀ ਤੋਂ ਵੀ ਪੂਰੀ ਮੱਦਦ ਮਿਲ ਰਹੀ ਹੈ। ਅੱਜ ਦੇ ਇਸ ਸੰਮੇਲਨ ਵਿੱਚ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਦੀ ਪਤਨੀ ਚੇਰੀ ਬਲੇਅਰ, ਆਈ.ਸੀ.ਆਈ.ਸੀ. ਬੈਂਕ ਦੀ ਮੁੱਖ ਕਾਰਜਕਾਰੀ ਅਧਿਕਾਰੀ ਚੰਦਰਾ ਕੋਚਰ ਵੀ ਸ਼ਾਮਲ ਹੋਈਆਂ। ”ਔਰਤਾਂ ਨੂੰ ਪਹਿਲ, ਸਭ ਲਈ ਖੁਸ਼ਹਾਲੀ” ਦੇ ਆਧਾਰ ਤੇ ਹੋ ਰਹੇ ਇਸ ਗਲੋਬਲ ਸੰਮੇਲਨ ਵਿੱਚ ਸੰਬੋਧਨ ਕਰਦਿਆਂ ਇਵਾਂਕਾ ਟਰੰਪ ਨੇ ਇਹ ਵੀ ਕਿਹਾ ਕਿ ਔਰਤਾਂ ਇਸ ਵਿਸ਼ਵ ਅਬਾਦੀ ਦਾ ਅੱਧਾ ਹਿੱਸਾ ਹੈ। ਸਾਨੂੰ ਇਨ੍ਹਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੰਮਕਾਜੀ ਔਰਤਾਂ ਨੂੰ ਉਤਸ਼ਾਹ ਦੇਣ ਲਈ ਨੀਤੀਆਂ ਵਿੱਚ ਵੀ ਵੱਡੇ ਪੱਧਰ ਦੀ ਤਬਦੀਲੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਔਰਤਾਂ ਆਪਣੀ ਕਮਾਈ ਦਾ 90 ਫੀਸਦੀ ਹਿੱਸਾ ਪਰਿਵਾਰ ਨੂੰ ਦਿੰਦੀਆਂ ਹਨ। ਚੰਦਰਾ ਕੋਚਰ ਨੇ ਕਿਹਾ ਕਿ ਦੁਨੀਆਂ ਵਿੱਚ ਭਾਰਤ ਤੋਂ ਇਲਾਵਾ ਹੋਰ ਕੋਈ ਦੂਸਰਾ ਦੇਸ਼ ਨਹੀਂ ਹੈ, ਜਿੱਥੇ ਵਰਕਿੰਗ ਖੇਤਰ ਵਿੱਚ 40 ਫੀਸਦੀ ਤੋਂ ਵਧੇਰੇ ਔਰਤਾਂ ਅਗਵਾਈ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਕੋਲ ਖੇਡਾਂ ਦੇ ਖੇਤਰ ਵਿੱਚ, ਬੈਂਕਾਂ ਦੇ ਖੇਤਰ ਵਿੱਚ ਅਤੇ ਸਿਆਸਤ ਦੇ ਖੇਤਰ ਵਿੱਚ ਅਣਗਿਣਤ ਔਰਤਾਂ ਹਨ, ਜੋ ਪੁਰਸ਼ਾਂ ਤੋਂ ਦੋ ਕਦਮ ਅੱਗੇ ਚੱਲ ਰਹੀਆਂ ਹਨ। ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਦੀ ਪਤਨੀ ਚੇਰੀ ਬਲੇਅਰ ਨੇ ਕਿਹਾ ਕਿ ਔਰਤਾਂ ਨੂੰ ਤਿੰਨ ਕੱਕਿਆਂ ਨੂੰ ਹਰ ਸਮੇਂ ਆਪਣੇ ਨਾਲ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਾਨਫੀਡੈਂਸ (ਆਤਮ ਵਿਸ਼ਵਾਸ), ਕੈਪੇਬਿਲਟੀ (ਯੋਗਤਾ) ਅਤੇ ਕੈਪੀਟਲ (ਪੈਸਾ) ਹਰ ਖੇਤਰ ਵਿੱਚ ਕਾਮਯਾਬੀ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪੁਰਸ਼ਾਂ ਨੂੰ ਵੀ ਇਹ ਸਮਝਣ ਦੀ ਜਰੂਰਤ ਹੈ ਕਿ ਔਰਤਾਂ ਉਨ੍ਹਾਂ ਦੇ ਬਰਾਬਰ ਹੀ ਹਨ। ਅੱਜ ਇਸ ਸੰਮੇਲਨ ਵਿੱਚ ਸਕਿਲ ਟਰੇਨਿੰਗ, ਸਿੱਖਿਆ, ਤਕਨਾਲੋਜੀ ਦੇ ਖੇਤਰ ਵਿੱਚ ਹੋਰ ਸੁਧਾਰ ਲਈ ਚਰਚਾ ਹੋਈ।

Share.

About Author

Leave A Reply