ਬਾਲ ਕਹਾਣੀ ਸਿੱਖਿਆ

0

ਇੱਕ ਕੀੜੀ ਨੂੰ ਤੁਰਦਿਆਂ ਜਾਂਦਿਆਂ ਕਣਕ ਦਾ ਦਾਣਾ ਮਿਲਿਆ। ਉਸ ਨੇ ਦਾਣਾ ਆਪਣੇ ਮੁੰਹ ਵਿੱਚ ਪਾਇਆ ਅਤੇ ਆਪਣੇ ਘਰ ਵੱਲ ਤੁਰ ਪਈ। ਦਾਣਾ ਥੋੜ੍ਹਾ ਵੱਡਾ ਤੇ ਭਾਰਾ ਸੀ, ਪਰ ਫਿਰ ਵੀ ਉਹ ਆਪਣੇ ਟਿਕਾਣੇ ਤੱਕ ਪਹੁੰਚਣ ਲਈ ਤੁਰਦੀ ਗਈ। ਸੁੰਘਦੀ ਫਿਰਦੀ ਇੱਕ ਹੋਰ ਕੀੜੀ ਵੀ ਉਸ ਦੀ ਮਦਦ ਲਈ ਆ ਗਈ। ਦੋਵਾਂ ਨੇ ਆਪਸ ਵਿੱਚ ਗਿਟਰ-ਮਿਟਰ ਕੀਤੀ ਤੇ ਦਾਣੇ ਨੂੰ ਆਪਣੇ ਭੌਣ ਵੱਲ ਲੈ ਜਾਣ ਲੱਗੀਆਂ।
ਉਡਦੀ ਹੋਈ ਇੱਕ ਤਿੱਤਲੀ ਦੀ ਨਿਗ੍ਹਾ ਕੀੜੀਆਂ ‘ਤੇ ਪਈ। ਪਸੀਨੋ-ਪਸੀਨੀ ਤੇ ਹਫੀਆਂ ਹੋਈਆਂ ਕੀੜੀਆਂ ਨੂੰ ਵੇਖ ਉਹ ਹੇਠਾਂ ਆ ਗਈ। ਹਮਦਰਦੀ ਵਸ ਉਨ੍ਹਾਂ ਨੂੰ ਹਵਾ ਦੇਣ ਲਈ ਆਪਣੇ ਖੰਭਾਂ ਨੂੰ ਪੱਖੀ ਵਾਂਗ ਝੱਲਦੀ ਹੋਈ ਪੁੱਛਣ ਲੱਗੀ ”ਭੈਣੋ ! ਨਿੱਕੀ ਜਿਹੀ ਤੁਹਾਡੀ ਜਿੰਦ ਏ। ਤੁਸੀਂ ਏਡੇ ਭਾਰੀ ਭਰਕਮ ਦਾਣੇ ਕਿਉਂ ਘੜੀਸ ਰਹੀਆਂ ਜੇ।”
”ਅੜੀਏ ਤਿੱਤਲੀਏ ! ਅੰਨ ਦਾਣਾ ਕਦੀ ਵੀ ਭਾਰੀ ਨਹੀਂ ਹੁੰਦਾ। ਜੇ ਅਸੀਂ ਦਾਣੇ ਨਹੀਂ ਸੰਭਾਲਾਂਗੇ ਤਾਂ ਸਾਡੇ ਬੱਚੇ ਕੀ ਖਾਣਗੇ?” ਇੱਕ ਕੀੜੀ ਕੁੱਝ ਪਲ ਲਈ ਰੁਕੀ ਅਤੇ ਆਪਣਾ ਲੱਕ ਸਿੱਧਾ ਕਰਦਿਆਂ ਤਿੱਤਲੀ ਨੂੰ ਕਿਹਾ, ”ਚੱਲੋ ਤੁਹਾਡੀ ਗੱਲ ਮੰਨ ਲਈ, ਪਰ ਫਿਰ ਵੀ ਤੁਹਾਨੂੰ ਆਪਣੀਆਂ ਨਿੱਕੀਆਂ-ਨਿੱਕੀਆਂ ਜਿੰਦਾਂ, ਇੰਝ ਮਿਹਨਤ-ਮੁਸ਼ੱਕਤ ਕਰਕੇ ਨਹੀਂ ਰੋਲਣੀਆਂ ਚਾਹੀਦੀਆਂ, ਹੱੱਸਦੀ ਹੋਈ ਤਿੱਤਲੀ ਬੋਲੀ।”
ਭੈਣੇ! ਹੋਰ ਥੋੜ੍ਹੇ ਸਮੇਂ ਬਾਅਦ ਬਰਸਾਤਾਂ ਸ਼ੁਰੂ ਹੋ ਜਾਣੀਆਂ ਨੇ ਤੇ ਦਾਣੇ ਸਾਂਭਣ ਤੋਂ ਬਗੈਰ ਸਾਡਾ ਗੁਜਾਰਾ ਨਹੀਂ ਹੋ ਸਕਦਾ।” ਦੂਜੀ ਕੀੜੀ ਬੋਲੀ।
”ਬਰਸਾਤਾਂ? ਕਿਹੜੀਆਂ ਬਰਸਾਤਾਂ ਦੀ ਗੱਲ ਕਰਦੀ ਏ ਭੈਣੇ।” ਹੁਣ ਤਾਂ ਬਸੰਤ ਰੁਤ ਏ ਵੇਖੋ ! ਚਾਰੇ ਪਾਸੇ ਰੰਗ-ਬਿਰੰਗੇ ਫੁੱਲ ਹੀ ਫੁੱਲ ਖਿੜੇ ਪਏ ਨੇ। ਕੋਸੀ ਤੇ ਨਿੱਘੀ ਧੁੱਪ ਵੇਖੋ। ਚਾਰੇ ਪਾਸੇ ਮਹਿਕਾਂ ਲੱਦੀ, ਰੁਮਕਦੀ ਹੋਈ ਪੌਣ ਵੇਖੋ। ਨੀਲਾ-ਨੀਲਾ ਅਸਮਾਨ ਵੇਖੋ। ਮੈਨੂੰ ਤਾਂ ਕਿੱਧਰੇ ਵੀ ਬੱਦਲਾਂ ਦਾ ਨਾਮੋ-ਨਿਸ਼ਾਨ ਨਹੀਂ ਦਿਸ ਰਿਹਾ। ਤੁਸੀਂ ਵੀ ਬਰਸਾਤਾਂ ਦਾ ਫਿਕਰ ਛੱਡ ਕੇ ਮੇਰੇ ਵਾਂਗ ਠੰਢੀ-ਮਿੱਠੀ ਹਵਾ ਦੇ ਬੁੱਲੇ ਲੁੱਟੋ ਤੇ ਮੌਜਾਂ ਮਾਣੋ।” ਆਪਣੇ ਕੰਮ ਵਿੱਚ ਮਸਤ ਕੀੜੀਆਂ ਦੇ ਨਾਲ-ਨਾਲ ਉੱਡਦੀ ਜਾਂਦੀ ਤਿੱਤਲੀ ਬੋਲੀ।
”ਅੜੀਏ ਅਸੀਂ ਤਾਂ ਸਮੇਂ ਦੇ ਪਲ-ਪਲ ਦਾ ਹਿਸਾਬ ਰੱਖਦੀਆਂ।  ਜੇ ਅਸੀਂ ਆਪਣੇ ਘਰਾਂ ਵਿੱਚ ਦਾਣੇ ਫੱਕੇ ਦਾ ਭੰਡਾਰ ਨਹੀਂ ਕਰਾਂਗੀਆਂ ਤਾਂ ਬਰਸਾਤਾਂ ਦੌਰਾਨ ਸਾਡੇ ਬਾਲ ਬਚੜੇ ਭੁੱਖੇ ਮਰ ਜਾਣਗੇ।” ਦੂਜੀ ਕੀੜੀ ਨੇ ਤਿੱਤਲੀ ਨੂੰ ਸਮਝਾਉਂਦਿਆਂ ਕਿਹਾ।”
”ਤੁਹਾਡੇ ਘਰ ਵੀ ਹੁੰਦੇ ਨੇ।” ਕੀੜੀ ਦੀ ਗੱਲ ਸੁਣ ਕੇ ਹੈਰਾਨ ਹੋਈ ਤਿੱਤਲੀ ਨੇ ਪੁੱਛਿਆ। ”ਕਿਉਂ ਨਹੀਂ? ਜ਼ਿੰਦਗੀ ਨੂੰ ਮਜ਼ੇ ਨਾਲ ਗੁਜ਼ਾਰਨ ਲਈ ਸਾਰੇ ਜੀਵਾਂ ਨੂੰ ਘਰ ਬਣਾਉਣੇ ਪੈਂਦੇ ਨੇ। ਬੱਲ ਬੱਚੇ ਪਾਲਣ ਲਈ ਅੰਨ-ਦਾਣਾ ਵੀ ਇਕੱਠਾ ਕਰਨਾ ਪੈਂਦਾ ਏ।” ਦੂਜੀ ਕੀੜੀ ਬੋਲੀ। ਤੁਰੀਆਂ ਜਾਂਦੀਆਂ ਕੀੜੀਆਂ ਦਾਣੇ ਸਮੇਤ ਆਪਣੇ ਭੌਣ ਲਾਗੇ ਪੁੱਜ ਗਈਆਂ। ਆਪਣੇ ਖੰਭਾਂ ਨਾਲ ਹਵਾ ਝੱਲਦੀ ਤਿੱੱਤਲੀ ਨੇ ਉਨ੍ਹਾਂ ਨੂੰ ਬਾਏ-ਬਾਏ ਬਾਏ ਕਹੀ ਤੇ ਆਪਣੇ ਬਾਗ ਵੱਲ ਉਡਾਰੀ ਮਾਰੀ।
ਤਿੱਤਲੀ ਹਵਾਈ ਬੁੱਲਿਆਂ ਤੇ ਅਸਵਾਰ ਹੋ ਗਈ। ਮੌਜ-ਮਸਤੀ ਵਿੱਚ ਉਸ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ਦਾਣੇ ਵਾਲੀਆਂ ਕੀੜੀਆਂ ਦੀ ਫਿਲਮ ਉਸ ਦੇ ਦਿਮਾਗ ਵਿੱਚ ਚੱਲਣ ਲੱਗ ਪਈ।  ਉਹ ਉਨ੍ਹਾਂ ਬਾਰੇ ਸੋਚ ਕੇ ਖੁਸ਼ ਹੁੰਦੀ ਹੈ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਲਈ ਹੁਣ ਤੋਂ ਹੀ ਦਾਣਾ ਪਾਣੀ ਇਕੱਠਾ ਕਰ ਲਿਆ ਹੈ।
ਫਿਰ ਅਚਾਨਕ ਹੀ ਗੜਗੜਾਹਟ ਦੀ ਆਵਾਜ਼ ਉਸ ਦੇ ਕੰਨੀਂ ਪੈਂਦੀ ਹੈ। ਵੇਖਦਿਆਂ-ਵੇਖਦਿਆਂ ਕਾਲੇ ਬੱਦਲ ਗਰਜਣ ਲੱਗ ਪੈਂਦੇ ਨੇ। ਚਾਰੇ ਪਾਸੇ ਹਨ੍ਹੇਰਾ ਛਾ ਗਿਆ।  ਮੋਹਲੇਧਾਰ ਮੀਂਹ ਅਤੇ ਗੜ੍ਹਿਆਂ ਦੀ ਮਾਰ ਨਾਲ ਤਿੱਤਲੀ ਹਾਲੋਂ-ਬੇਹਾਲ ਹੋ ਜਾਂਦੀ ਹੈ। ਕੀੜੀਆਂ ਦੀ ਸੁਪਨੇ ਵਰਗੀ ਫਿਲਮ ਨੂੰ ਵਿਸਾਰ ਨਿਢਾਲ ਹੋਈ ਬੇਚਾਰੀ ਹੌਲੀ-ਹੌਲੀ ਅੱਖਾਂ ਖੋਲ੍ਹਦੀ ਹੈ। ਕੀੜੀਆਂ ਦਾ ਭੌਣ ਬਹੁਤ ਪਿੱਛੇ ਰਹਿ ਜਾਂਦਾ ਹੈ।
ਫਿਰ ਤਿੱਤਲੀ ਦਾ ਧਿਆਨ ਅਚਾਨਕ ਬਾਗ ‘ਤੇ ਜਾ ਪੈਂਦਾ ਹੈ। ਰੰਗ-ਬਿਰੰਗੇ ਫੁੱਲ ਜਿਵੇਂ ਉਸ ਨੂੰ ਸੈਨਤਾਂ ਮਾਰ-ਮਾਰ ਆਪਣੇ ਕੋਲ ਬੁਲਾ ਰਹੇ ਹੋਣ। ਡਿੱਗਦੀ ਢਹਿੰਦੀ ਉਹ ਝੋਕ ਮਾਰ, ਫੁੱਲਾਂ ਲੱਦੇ ਇੱਕ ਪੌਦੇ ‘ਤੇ ਜਾ ਬੈਠਦੀ ਹੈ। ਸਾਹ ਨਾਲ ਸਾਹ ਰਲਾਉਂਦੀ ਉਹ ਬੁਦਬੁਦਾਉਂਦੀ ਹੈ। ਸ਼ੁਕਰ ਰੱਬ ਦਾ ਸੁਪਨੇ ਵਾਲੀਆਂ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਕੀੜੀਆਂ ਵਾਂਗ ਮਿਹਨਤ ਕਰਕੇ ਆਪਣਾ ਘਰ ਬਣਾਵਾਂਗੀ ਤੇ ਆਪਣੇ ਬੱਚੜਿਆਂ ਲਈ ਸੋਗੀ, ਮੇਵੇ ਇਕੱਠੇ ਕਰਾਂਗੀ। ਫੁੱਲਾਂ ‘ਤੇ ਬੈਠੀ ਸੋਚਾਂ ਸੋਚਦੀ ਤਿੱਤਲੀ ਬੜੀ ਤੇਜ਼ੀ ਨਾਲ ਇੱਧਰ-ਉੱਧਰ ਨਜ਼ਰਾਂ ਘੁੰਮਾ ਰਹੀ ਸੀ ਜਿਵੇਂ ਆਪਣੇ ਸੋਹਣੇ ਘਰ ਲਈ ਥਾਂ ਲੱਭ ਰਹੀ ਹੋਵੇ।
-ਹਰਦੇਵ ਚੌਹਾਨ

Share.

About Author

Leave A Reply