ਸਿੱਖਾਂ ਦੇ ਕਾਤਲਾਂ ਨੂੰ ਕਾਂਗਰਸ ਅੱਜ ਵੀ ਇਨਾਮ ਸਨਮਾਨ ਦੇ ਰਹੀ ਹੈ-ਮੋਦੀ 

0

* ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਇੱਕ ਵਾਰ ਫਿਰ ਮੋਦੀ ਸਰਕਾਰ ਜ਼ਰੂਰੀ-ਸੁਖਬੀਰ ਸਿੰਘ ਬਾਦਲ
* ਕਾਂਗਰਸ ਦੀਆਂ ਗਾਲਾਂ ਮੇਰੇ ਲਈ ਘਿਓ ਸਾਬਤ ਹੋ ਰਹੀਆਂ
ਫਤਿਹਾਬਾਦ/ਕੁਰਕਸ਼ੇਤਰ, ਆਵਾਜ਼ ਬਿਊਰੋ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਰਿਆਣਾ ਦੇ ਫਤਿਹਾਬਾਦ ਅਤੇ ਕੁਰਕਸ਼ੇਤਰ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ‘ਤੇ 70 ਸਾਲ ਰਾਜ ਕਰਨ ਵਾਲੀ ਕਾਂਗਰਸ ਨੇ ਦੇਸ਼ ਦੇ ਹਰ ਗਰੀਬ ਵਰਗ ਅਤੇ ਘੱਟ ਗਿਣਤੀ ਨਾਲ ਧੱਕਾ ਕੀਤਾ ਹੈ। ਮੋਦੀ ਨੇ ਕਿਹਾ ਕਿ 1984 ਵਿੱਚ ਜੂਨ ਅਤ ਨਵੰਬਰ ਮਹੀਨੇ ਕਾਂਗਰਸ ਦੇ ਇਸ਼ਾਰੇ ‘ਤੇ ਹਜਾਰਾਂ ਸਿੱਖਾਂ ਦਾ ਕਤਲੇਆਮ ਹੋਇਆ। ਇਸ ਕਤਲੇਆਮ ਲਈ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਥਾਂ ਕਾਂਗਰਸ ਨੇ ਹਮੇਸ਼ਾਂ ਹੀ ਸ਼ਿੰਗਾਰ ਕੇ ਉੱਚੀਆਂ ਪੋਸਟਾਂ ਤੇ ਬਿਠਾਇਆ। ਮੋਦੀ ਨੇ ਕਿਹਾ ਕਿ ਅੱਜ ਵੀ ਕਾਂਗਰਸ ਕਤਲੇਆਮ ਦੇ ਦੋਸ਼ੀਆਂ ਨੂੰ ਆਪਣੇ ਨਾਲ ਜੋੜ ਕੇ ਰੱਖ ਰਹੀ ਹੈ।  ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦਾ ਨਾਂਅ ਲੈਂਦਿਆਂ ਮੋਦੀ ਨੇ ਕਿਹਾ ਕਿ ਕਤਲੇਆਮ ਦੇ ਦੋਸ਼ੀ ਜਦੋਂ ਵੱਡੇ ਅਹੁਦਿਆਂ ਤੇ ਬੈਠੇ ਰਹਿਣਗੇ ਤਾਂ ਉਨ੍ਹਾਂ ਨੂੰ ਸਜਾਵਾਂ ਕਿਵੇਂ ਮਿਲਣਗੀਆਂ? ਨਾਲ ਹੀ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਦਾ ਪ੍ਰਣ ਕੀਤਾ ਹੋਇਆ ਹੈ।  ਮੋਦੀ ਨੇ ਕਿਹਾ ਕਿ ਕੇਂਦਰ ਵਿੱਚ ਸਾਡੀ ਸਰਕਾਰ ਨਾ ਹੁੰਦੀ ਤਾਂ ਸੱਜਣ ਕੁਮਾਰ ਵਰਗੇ ਕਾਤਲਾਂ  ਦਾ ਜੇਲ੍ਹਾਂ ਵਿੱਚ ਬੈਠਣਾ ਸੰਭਵ ਹੀ ਨਹੀਂ ਸੀ ਹੋਣਾ। ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਵੀ ਮੋਦੀ ਨੇ ਕਿਹਾ ਕਿ ਕਾਂਗਰਸ ਦੀ ਸਿੱਖਾਂ ਨਾਲ ਦੁਸ਼ਮਣੀ ਕਾਰਨ ਇਹ ਇਲਾਕਾ ਪਾਕਿਸਤਾਨ ਵਿੱਚ ਗਿਆ। ਕਾਂਗਰਸ ਨੂੰ ਸਿੱਖਾਂ ਦੇ ਹਿੱਤਾਂ ਦੀ ਪ੍ਰਵਾਹ ਹੁੰਦੀ ਤਾਂ ਇਹ ਕਰਤਾਰਪੁਰ ਸਾਹਿਬ ਦਾ ਇਲਾਕਾ ਦੇਸ਼ ਦੀ ਵੰਡ ਦੌਰਾਨ ਭਾਰਤ ਵਿੱਚ ਸ਼ਾਮਲ ਹੁੰਦਾ। ਇਸ ਚੋਣ ਰੈਲੀ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖਾਂ ਨੂੰ 84 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦੇ ਕੇ ਇਨਸਾਫ ਲੈਣ ਲਈ ਇੱਕ ਵਾਰ ਫਿਰ ਕੇਂਦਰ ਵਿੱਚ ਮੋਦੀ ਸਰਕਾਰ ਬਣਾਉਣੀ ਚਾਹੀਦੀ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸੀ ਨੇਤਾਵਾਂ ਸਬੰਧੀ ਕਿਹਾ ਕਿ ਪਾਰਟੀ ਦੇ ਵੱਡੇ ਅਤੇ ਛੋਟੇ ਨੇਤਾ ਪਿਆਰ ਦਾ ਨਕਾਬ ਪਹਿਨ ਕੇ ਮੈਨੂੰ ਗਾਲਾਂ ਕੱਢਦੇ ਹਨ। ਮੋਦੀ ਨੇ ਕਿਹਾ ਕਿ ਕਾਂਗਰਸ ਕੋਲ ਇੱਕ ਅਜਿਹੀ ਡਿਕਸ਼ਨਰੀ ਹੈ, ਜਿਸ ਦਾ ਟਾਈਟਲ ਤਾਂ ਪਿਆਰ ਵਾਲਾ ਹੈ, ਪਰ ਇਸ ਵਿੱਚ ਭਰੀਆਂ ਗਾਲਾਂ ਹੀ ਹਨ। ਮੋਦੀ ਨੇ ਕਿਹਾ ਕਿ ਮੇਰੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕਾਂਗਰਸ ਐਨੀ ਦੁੱਖੀ ਹੋ ਗਈ ਕਿ ਪਹਿਲਾਂ ਇਨ੍ਹਾਂ ਮੇਰੀ ਮਾਂ ਨੂੰ ਗਾਲਾਂ ਕੱਢੀਆਂ ਅਤੇ ਇਹ ਵੀ ਪੁੱਛਿਆ ਕਿ ਮੇਰਾ ਪਿਤਾ ਕੌਣ ਹੈ?
ਮੋਦੀ ਨੇ ਕਿਹਾ ਕਿ ਕਾਂਗਰਸੀ ਨੇਤਾ ਮੈਨੂੰ ਰਾਵਣ, ਸੱਪ,ਬਿੱਛੂ, ਗੰਦਾ ਆਦਮੀ, ਜ਼ਹਿਰ ਬੀਜਣ ਵਾਲ, ਮੌਤ ਦਾ ਸੌਦਾਗਰ,ਹਿਟਲਰ ਕਹਿੰਦੇ ਰਹੇ ਅਤੇ ਹੁਣ ਕਾਂਗਰਸ ਦੀ ਨਵੀਂ ਆਈ ਨੇਤਾ ਮੈਨੂੰ ਦੁਰਯੋਧਨ ਨਾਲ ਮਿਲਾ ਰਹੀ ਹੈ। ਮੋਦੀ ਨੇ ਕਿਹਾ ਕਿ ਜੇ ਮੈਂ ਕਾਂਗਰਸ ਅਤੇ ਉਸ ਦੇ ਸਾਥੀਆਂ ਨੂੰ ਭਰਿਸ਼ਟਾਚਾਰ ਕਰਨ ਦੀ ਖੁੱਲ੍ਹ ਦੇਈ ਛੱਡਦਾ ਅਤੇ ਉਸਦੇ ਕੀਤੇ ਪਾਪਾਂ ਦੀ ਜਾਂਚ ਨਾ ਕਰਵਾਉਂਦਾ ਤਾਂ ਮੈਂ ਇਨ੍ਹਾਂ ਲਈ ਚੰਗਾ ਰਹਿਣਾ ਸੀ। ਮੋਦੀ ਨੇ ਕਿਹਾ ਕਿ ਮੇਰੇ ਲਈ ਕਾਂਗਰਸ ਜਾਂ ਕੋਈ ਵੀ ਹੋਰ ਪਹਿਲਾਂ ਨਹੀਂ ਹੈ। ਮੇਰੇ ਲਈ ਸਿਰਫ ਦੇਸ਼ ਅਤੇ ਦੇਸ਼ ਦੇ ਲੋਕ ਪਹਿਲਾਂ ਹਨ। ਮੋਦੀ ਨੇ ਕਿਹਾ ਕਿ ਦੇਸ਼ ਦੀ ਖੁਸ਼ਹਾਲੀ ਹੀ ਮੇਰਾ ਮੁੱਖ ਫਰਜ ਹੈ। ਮੋਦੀ ਨੇ ਕਿਹਾ ਕਿ ਕੁਰਕਸ਼ੇਤਰ ਦੇਸ਼ ਲਈ ਇੱਕ ਵੱਡੇ ਸਬਕ ਵਾਲੀ ਧਰਤੀ ਹੈ। ਮੇਰੇ ਵੱਲੋਂ ਇੱਥੇ ਖੜ੍ਹ ਕੇ ਨਵੇਂ ਭਾਰਤ ਦੀ ਸਿਰਜਣਾ ਕਰਨ ਦਾ ਸੱਦਾ ਦੇਣਾ ਮਹੱਤਵਪੂਰਨ ਅਰਥ ਰੱਖਦਾ ਹੈ। ਮੋਦੀ ਨੇ ਇਸ ਮੌਕੇ ਇਹ ਵੀ ਕਿਹਾ ਕਿ 23 ਮਈ ਸ਼ਾਮ ਤੱਕ ਸਪੱਸ਼ਟ ਹੋ ਜਾਵੇਗਾ ਕਿ ਦੇਸ਼ ਵਿੱਚ ਮੁੜ ਮੋਦੀ ਦੀ ਸਰਕਾਰ ਬਣੇਗੀ। ਮੋਦੀ ਨੇ ਕਿਹਾ ਕਿ ਕਾਂਗਰਸ ਅਤੇ ਉਸ ਦੇ ਗੱਠਜੋੜ ਸਾਥੀਆਂ ਦੇ ਦਿੱਲੀ ਵਿੱਚ ਖਿਚੜੀ ਸਰਕਾਰ ਬਣਾਉਣ ਦੇ ਮਨਸੂਬੇ ਟੁੱਟ ਚੁੱਕੇ ਹਨ।

About Author

Leave A Reply

whatsapp marketing mahipal