ਸਾਧਨਾ ਦਾ ਸਿਰ ਵੱਢ ਕੇ ਲਿਆਓ, 50 ਲੱਖ ਇਨਾਮ ਪਾਓ-ਵਿਜੈ ਯਾਦਵ

0

ਮੁਰਾਦਾਬਾਦ, ਆਵਾਜ਼ ਬਿਊਰੋ-ਬਸਪਾ ਮੁੱਖੀ ਮਾਇਆਵਤੀ ਨੂੰ ਸਪਾ ਨਾਲ ਗੱਠਜੋੜ ਕਰਨ ਦੇ ਮਾਮਲੇ ਵਿੱਚ ”ਨਾ ਬੰਦਾ ਨਾ ਜਨਾਨੀ” ਕਹਿਣ ਵਾਲੀ ਭਾਜਪਾ  ਵਿਧਾਇਕ ਸਾਧਨਾ ਸਿੰਘ ਨੇ ਭਾਵੇਂ ਆਪਣੇ ਦਿੱਤੇ ਇਸ ਬਿਆਨ ਨੂੰ ਲੈ ਕੇ ਮਾਇਆਵਤੀ ਅਤੇ ਦੇਸ਼ ਦੇ ਲੋਕਾਂ ਤੋਂ ਮਾਫੀ ਮੰਗ ਲਈ ਹੈ, ਇਸ ਦੇ ਬਾਵਜੂਦ ਮਾਇਆਵਤੀ ਪ੍ਰਤੀ ਵਧੇਰੇ ਹੀ ਵਫਾਦਾਰੀ ਜਿਤਾਉਣ ਵਾਲੇ ਬਸਪਾ ਦੇ ਸਾਬਕਾ ਵਿਧਾਇਕ ਵਿਜੈ ਯਾਦਵ ਨੇ  ਅੱਜ ਐਲਾਨ ਕੀਤਾ ਹੈ ਕਿ ਜੋ ਕੋਈ ਵੀ ਭਾਜਪਾ ਵਿਧਾਇਕ ਸਾਧਨਾ ਸਿੰਘ ਦਾ ਸਿਰ ਵੱਢ ਕੇ ਲਿਆਵੇਗਾ ਮੈਂ ਉਸ ਨੂੰ 50 ਲੱਖ ਰੁਪਏ ਇਨਾਮ ਦੇਵਾਂਗਾ। ਵਿਜੈ ਯਾਦਵ ਦੇ ਇਸ ਬਿਆਨ ਨੇ ਮਾਇਆਵਤੀ ਅਤੇ ਬਸਪਾ ਲਈ ਇੱਕ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਸਾਧਨਾ ਸਿੰਘ ਦੇ ਬਿਆਨ ਨੂੰ ਲੈ ਕੇ ਹਮਲਾਵਰ ਹੋਈ ਬਸਪਾ ਵਿਜੈ ਦੇ ਇਸ ਬਿਆਨ ਕਾਰਨ ਭਾਜਪਾ ਦੇ ਹਮਲਿਆਂ ਦਾ ਉਲਟਾ ਸ਼ਿਕਾਰ ਹੋ ਸਕਦੀ ਹੈ। ਇਸ ਤੋਂ ਪਹਿਲਾਂ ਵੀ ਵਿਜੈ ਯਾਦਵ ਵਿਵਾਦਤ ਬਿਆਨ ਦੇ ਕੇ ਬਸਪਾ ਲਈ ਮੁਸੀਬਤਾਂ ਖੜ੍ਹੀਆਂ ਕਰਦੇ ਰਹੇ ਹਨ। ਭਾਜਪਾ ਵਿਧਾਇਕ ਸਾਧਨਾ ਸਿੰਘ ਨੇ ਕੇਂਦਰੀ ਮਹਿਲਾ ਕਮਿਸ਼ਨ ਵੱਲੋਂ ਅਪਮਾਨਤ ਬਿਆਨ ਦੇਣ ਨੂੰ ਲੈ ਕੇ ਨੋਟਿਸ ਜਾਰੀ ਕੀਤੇ ਜਾਣ ਤੋਂ ਬਾਅਦ ਮਾਇਆਵਤੀ ਤੋਂ ਅਤੇ ਦੇਸ ਦੇ ਲੋਕਾਂ ਤੋਂ ਮਾਫੀ ਮੰਗ ਲਈ ਸੀ। ਮਾਫੀ ਮੰਗਦਿਆਂ ਸਾਧਨਾ ਸਿੰਘ ਨੇ ਆਪਣੇ ਲਿਖਤੀ ਮਾਫੀਨਾਮੇ ਵਿੱਚ ਕਿਹਾ ਸੀ ਕਿ ਮੇਰਾ ਮਾਇਆਵਤੀ ਨੂੰ ਅਪਮਾਨਤ ਕਰਨ ਦਾ ਕੋਈ ਇਰਾਦਾ ਨਹੀਂ ਸੀ। ਉਸ ਨੇ ਕਿਹਾ ਕਿ ਮੈਂ ਤਾਂ ਮਾਇਆਵਤੀ ਨੂੰ 2 ਜੂਨ 1995 ਦੇ ਗੈਸਟ ਹਾਊਸ ਕਾਂਡ ਦੀ ਸਿਰਫ ਯਾਦ ਹੀ ਦਿਵਾਉਣਾ ਚਾਹੁੰਦੀ ਸੀ। ਸਾਧਨਾ ਸਿੰਘ ਨੇ ਕਿਹਾ ਕਿ 2 ਜੂਨ 1995 ਨੂੰ ਉਸੇ ਸਪਾ ਦੇ ਲੋਕਾਂ ਨੇ ਮਾਇਆਵਤੀ ਦੇ ਗੈਸਟ ਹਾਊਸ ਵਿੱਚ ਕੱਪੜੇ ਪਾੜੇ ਸਨ, ਜਿਸ ਸਪਾ ਨਾਲ ਮਾਇਆਵਤੀ ਅੱਜ ਗੱਠਜੋੜ ਕਰ ਰਹੀ ਹੈ।ਸਾਧਨਾ ਸਿੰਘ ਨੇ ਕਿਹਾ ਕਿ ਮੈਂ ਮਾਇਆਵਤੀ ਨੂੰ ਸਿਰਫ ਇਸੇ ਕਾਂਡ ਦੀ ਯਾਦ ਦਿਵਾਉਣੀ ਸੀ ਕਿ ਉਹ ਕਿਹੋ ਜਿਹੀ ਔਰਤ ਹੈ, ਜੋ ਉਨ੍ਹਾਂ ਲੋਕਾਂ ਨਾਲ ਹੀ ਮੁੜ ਸਾਂਝ ਵਧਾ ਰਹੀ ਹੈ, ਜਿਨ੍ਹਾਂ ਨੇ ਪਹਿਲਾਂ ਉਸ ਦੀ ਇੱਜਤ ਨਾਲ ਖੇਡਿਆ ਸੀ। ਇਸੇ ਲਈ ਮੈਂ ਮਾਇਆਵਤੀ ਨੂੰ ਕਿਹਾ ਸੀ ਕਿ ਉਹ ਨਾ ਬੰਦਿਆਂ ਵਿੱਚ ਹੈ ਅਤੇ ਨਾ ਜਨਾਨੀਆਂ ਵਿੱਚ, ਜਿਸ ਨੂੰ ਭੋਰਾ ਭਰ ਵੀ ਅਣਖ ਨਹੀਂ ਹੈ। ਸਾਧਨਾ ਸਿੰਘ ਦੇ ਇਸ ਬਿਆਨ ਨੂੰ ਲੈ ਕੇ ਭਾਰਤੀ ਮਹਿਲਾ ਕਮਿਸ਼ਨ ਦੀ ਮੁੱਖੀ ਰੇਖਾ ਸ਼ਰਮਾ ਨੇ ਨੋਟਿਸ ਜਾਰੀ ਕਰਦਿਆਂ ਕਿਹਾ ਸੀ ਕਿ ਸਾਧਨਾ ਸਿੰਘ ਆਪਣੇ ਇਸ ਬਿਆਨ ਨੂੰ ਲੈ ਕੇ ਮਾਇਆਵਤੀ ਤੋਂ ਤੁਰੰਤ ਮਾਫੀ ਮੰਗੇ, ਨਹੀਂ ਤਾਂ ਮਹਿਲਾ ਕਮਿਸ਼ਨ ਖੁਦ ਨੋਟਿਸ ਜਾਰੀ ਕਰਕੇ  ਸਾਧਨਾ ਸਿੰਘ ਤੋਂ ਸਪੱਸ਼ਟੀਕਰਨ ਮੰਗੇਗਾ।
ਵਿਜੈ ਯਾਦਵ ਵੱਲੋਂ ਸਾਧਨਾ ਸਿੰਘ ਦਾ ਸਿਰ ਵੱਢ ਕੇ ਲਿਆਉਣ ਦੇ ਦਿੱਤੇ ਬਿਆਨ ਸਬੰਧੀ ਬਸਪਾ ਨੇਤਾਵਾਂ ਨੇ ਕਿਹਾ ਕਿ ਇਹ ਉਸ ਦੀ ਆਪਣੀ ਸੋਚਣੀ ਹੈ। ਪਾਰਟੀ ਲੋਕਤੰਤਰੀ ਕਦਰਾਂ ਕੀਮਤਾਂ ਵਿੱਚ ਵਿਸ਼ਵਾਸ ਰੱਖਦੀ ਹੈ। ਇਸ ਲਈ ਕਿਸੇ ਦੇ ਜਾਨੀ ਨੁਕਸਾਨ ਬਾਰੇ ਸੋਚ ਵੀ ਨਹੀਂ ਸਕਦੀ।

About Author

Leave A Reply

whatsapp marketing mahipal