ਸਰਕਾਰਾਂ ਕਿਸਾਨ ਕਰਜ਼ਾ ਮਾਫੀ ਨੂੰ ਲੈ ਕੇ ਦਾਨੀ ਸੁਭਾਅ ਦਿਖਾਉਣ ਦੀ ਥਾਂ ਪਹਿਲਾਂ ਬੈਂਕਾਂ ਦੀ ਹਾਲਤ ਦੇਖਣ-ਰਿਜ਼ਰਵ ਬੈਂਕ ਮੁੱਖੀ

0

ਨਵੀਂ ਦਿੱਲੀ, ਆਵਾਜ ਬਿਊਰੋ-ਰਿਜਰਵ ਬੈਂਕ ਆਫ ਇੰਡੀਆ ਦੇ ਗਵਰਨਰ ਸ਼ਸ਼ੀ ਕਾਂਤ ਦਾਸ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਸਖਤ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਕਿਸਾਨਾਂ ਅਤੇ ਹੋਰ ਵਰਗਾਂ ਵੱਲੋਂ ਲਏ ਬੈਂਕ ਕਰਜ਼ੇ ਮਾਫ ਕਰਕੇ ਦਾਨੀ ਸੁਭਾਅ ਵਿਖਾਉਣ ਤੋਂ ਪਹਿਲਾਂ ਸਰਕਾਰਾਂ ਬੈਂਕਾਂ ਦੀ ਹਾਲਤ ਜ਼ਰੂਰ ਦੇਖ ਲੈਣ। ਰਿਜ਼ਰਵ ਬੈਂਕ ਮੁੱਖੀ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕਰਜ਼ਾ ਮਾਫੀ ਦੇ ਵੱਧ ਰਹੇ ਰੁਝਾਨ ਦਾ ਜਿੱਥੇ ਬੈਂਕਾਂ ਦੀ ਸਿਹਤ ਉੱਪਰ ਮਾੜਾ ਅਸਰ ਪੈ ਰਿਹਾ ਹੈ, ਉਸ ਦੇ ਨਾਲ ਹੀ ਜਿਨ੍ਹਾਂ ਦੇ ਕਰਜੇ ਮਾਫ ਕੀਤੇ ਜਾ ਰਹੇ ਹਨ, ਉਨ੍ਹਾਂ ਦੀਆਂ ਆਦਤਾਂ ਵੀ ਵਿਗੜ ਰਹੀਆਂ ਹਨ। ਰਿਜਰਵ ਬੈਂਕ ਮੁੱਖੀ ਦਾ ਇਸ ਬਿਆਨ ਉਸ ਵੇਲੇ ਆਇਆ ਹੈ ਜਦੋਂ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਸਿਆਸੀ ਲਾਭ ਲਈ ਸੂਬਿਆਂ ਵਿੱਚ ਕਿਸਾਨੀ ਕਰਜ਼ੇ ਮਾਫ ਕਰਨ ਦੀ ਅਤੇ ਕਿਸਾਨਾਂ ਨੂੰ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੀ ਦੌੜ ਲੱਗੀ ਹੋਈ ਹੈ। ਰਿਜਰਵ ਬੈਂਕ ਗਵਰਨਰ ਨੇ ਕਿਹਾ ਹੈ ਕਿ ਸੂਬਾ ਸਰਕਾਰਾਂ ਵੱਲੋਂ ਬਿਨਾਂ ਸੋਚੇ ਸਮਝੇ ਕੀਤੀ ਜਾ ਰਹੀ ਕਰਜਾ ਮਾਫੀ ਸੂਬਿਆਂ ਦੀ ਵਿੱਤੀ ਹਾਲਤ ਨੂੰ ਵਿਗਾੜ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਚੁਣੀਆਂ ਹੋਈਆਂ ਸਰਕਾਰਾਂ ਕੋਲ ਹਰ ਤਰ੍ਹਾਂ ਦੇ ਵਿੱਤੀ ਫੈਸਲੇ ਲੈਣ ਦਾ ਸੰਵਿਧਾਨਕ ਅਧਿਕਾਰ ਹੈ, ਪਰ ਉਨ੍ਹਾਂ ਨੂੰ ਇਸ ਅਧਿਕਾਰ ਦੀ ਵਰਤੋਂ ਕਰਦਿਆਂ ਸਾਵਧਾਨੀ ਪੂਰਵਕ ਆਪਣੇ ਪੈਰਾਂ ਹੇਠਲੀ ਵਿੱਤੀ ਚਾਦਰ ਵੀ ਵੇਖ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰਾਂ ਖਜਾਨੇ ਵੱਲ ਝਾਤ ਮਾਰ ਕੇ ਵੇਖਣ ਕੀ ਕਿ ਉਹ ਬੈਂਕਾਂ ਨੂੰ ਕਰਜਿਆਂ ਦੇ ਪੈਸੇ ਚੁਕਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਸਿਆਸੀ ਮਨੋਰਥਾਂ ਲਈ ਲਏ ਗਏ ਫੈਸਲੇ ਬੈਂਕਾਂ ਦੇ ਆਮ ਕਾਰੋਬਾਰ ਨੂੰ ਤਬਾਹ ਕਰ ਰਹੇ ਹਨ। ਇਸ ਨਾਲ ਬੈਂਕਾਂ ਤੋਂ ਕਰਜਾ ਲੈਣ ਵਾਲੇ ਲੋੜਵੰਦ ਲੋਕਾਂ ਲਈ ਵੀ ਅਣਗਿਣਤ ਮੁਸ਼ਕਲਾਂ ਖੜ੍ਹੀਆਂ ਹੋ ਰਹੀਆਂ ਹਨ।
2000 ਰੁਪਏ ਦੇ ਨੋਟ ਨੂੰ ਬੰਦ ਕਰਨ ਦੀਆਂ ਚੱਲ ਰਹੀਆਂ ਕਨਸੋਆਂ ਸਬੰਧੀ ਸ਼ਸ਼ੀ ਕਾਂਤ ਦਾਸ ਨੇ ਕਿਹਾ ਕਿ ਸਰਕਾਰ ਕੋਲ ਅਤੇ ਬੈਂਕਾਂ ਕੋਲ 2000 ਰੁਪਏ ਦੇ ਨੋਟ ਪਹਿਲਾਂ ਹੀ ਲੋੜ ਮੁਤਾਬਕ ਜ਼ਿਆਦਾ ਹਨ, ਇਸ ਲਈ ਇਨ੍ਹਾਂ ਦੀ ਛਪਾਈ ਬੰਦ ਕਰ ਦਿੱਤੀ ਗਈ ਹੈ। ਸਰਕਾਰ ਅਤੇ ਰਿਜਰਵ ਬੈਂਕ ਵਿਚਾਲੇ ਚੱਲ ਰਹੇ ਤਣਾਅ ਸਬੰਧੀ  ਉਨ੍ਹਾਂ ਕਿਹਾ ਕਿ ਸਰਕਾਰ ਨਾਲ ਸਾਡਾ ਚਿੱਠੀ ਪੱਤਰ ਚੱਲਦਾ ਰਹਿੰਦਾ ਹੈ। ਸਰਕਾਰ ਨੇ ਕੋਈ ਵਿਸ਼ੇਸ਼ ਪੱਤਰ ਸਾਨੂੰ ਲਿਖਿਆ ਹੈ, ਉਸ ਇੱਕ ਪੱਤਰ ਨਾਲ ਸਾਡੇ ਸਬੰਧਾਂ ਉੱਤੇ ਕੋਈ ਅਸਰ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਰਿਜਰਵ ਬੈਂਕ ਆਪਣੇ ਅਧਿਕਾਰ ਖੇਤਰ ਦੇ ਸਾਰੇ ਫੈਸਲੇ ਖੁਦ ਲੈਂਦਾ ਹੈ। ਉਨ੍ਹਾਂ ਕਿਹਾ ਕਿ ਰਿਜ਼ਰਵ ਬੈਂਕ ਨੂੰ ਦੇਸ਼ ਦੀ ਚਿੰਤਾ ਹੈ। ਇਸ ਲਈ ਇਹ ਸਾਰਿਆਂ ਦੀ ਸੁਣਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਰੇ ਲੋਕਾਂ ਲਈ ਚੰਗੇ ਤੋਂ ਚੰਗੇ ਫੈਸਲੇ ਲੈਣ ਲਈ ਅਸੀਂ ਹਮੇਸ਼ਾਂ ਸਮੂਹਿਕ ਵਿਚਾਰ ਵਟਾਂਦਰੇ ਰਾਹੀਂ ਫੈਸਲੇ ਲੈਂਦੇ ਹਾਂ।

About Author

Leave A Reply

whatsapp marketing mahipal