ਸਮੂਹ ਵਿਰੋਧੀ ਪਾਰਟੀਆਂ ਵੱਲੋਂ ਕੈਪਟਨ ਸਰਕਾਰ ਨੂੰ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ’ਚ ਸਮਰਥਨ ਦੀ ਸਹਿਮਤੀ

0
132

ਚੰਡੀਗੜ੍ਹ – ਹਰੀਸ਼ ਚੰਦਰ ਬਾਗਾਂਵਾਲਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਅਪੀਲ ਦੇ ਹੁੰਗਾਰੇ ਵਜੋਂ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਮੁੱਖ ਸਮਾਰੋਹ ਨੂੰ ਸਫ਼ਲ ਬਣਾਉਣ ਲਈ ਸਰਕਾਰ ਦਾ ਸਮਰਥਨ ਕੀਤਾ ਹੈ। ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਦੇ ਵਫਦ ਨਾਲ ਇਕ ਮੀਟਿੰਗ ਦੌਰਾਨ ਇਹ ਮੁੱਦਾ ਉਠਾਉਂਦਿਆਂ ਮੁੱਖ ਮੰਤਰੀ ਨੇ ਸਭਨਾਂ ਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਸ ਮਹਾਨ ਸਮਾਰੋਹ ਵਾਸਤੇ ਸਮਰਥਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ 550ਵਾਂ ਪ੍ਰਕਾਸ਼ ਪੁਰਬ ਇਕ ਇਤਿਹਾਸਕ ਮੌਕਾ ਹੈ ਅਤੇ ਸਾਰਿਆਂ ਵੱਲੋਂ ਆਪਣੀ ਸਿਆਸੀ ਸਬੰਧਤਤਾ ਤੋਂ ਉੱਪਰ ਉੱਠ ਕੇ ਪਹਿਲੇ ਗੁਰੂ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਰੋਹ ਸ਼ਾਨਦਾਰ ਅਤੇ ਯਾਦਗਾਰੀ ਤਰੀਕੇ ਨਾਲ ਮਨਾਉਣ ਨੂੰ ਯਕੀਨੀ ਬਣਾਏ ਜਾਣ ਦੀ ਜ਼ਰੂਰਤ ਹੈ। ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਸਣੇ ਸਾਰੀਆਂ ਸਿਆਸੀ ਪਾਰਟੀਆਂ ਨੇ ਸਰਕਾਰ ਨੂੰ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਜੋ ਕਿ ਨਵੰਬਰ ਵਿੱਚ ਮਨਾਏ ਜਾ ਰਹੇ ਮੁੱਖ ਸਮਾਰੋਹ ਵਾਸਤੇ ਨੋਡਲ ਏਜੰਸੀ ਹੈ। ਸਰਕਾਰ ਵੱਲੋਂ ਸਾਲ ਭਰ ਮਨਾਏ ਜਾ ਰਹੇ ਸਮਾਰੋਹਾਂ ਦੇ ਮੁਕੰਮਲ ਹੋਣ ਮੌਕੇ ਇਹ ਮੁੱਖ ਸਮਾਰੋਹ ਮਨਾਇਆ ਜਾਵੇਗਾ। ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਧਾਰਮਿਕ ਸਮਾਰੋਹ ਗੁਰਦੁਆਰਿਆਂ ਵਿਖੇ ਮਨਾਏ ਜਾਣ ਅਤੇ ਇਨ੍ਹਾਂ ਦਾ ਪ੍ਰਬੰਧ ਐਸ.ਜੀ.ਪੀ.ਸੀ. ਵੱਲੋਂ ਕੀਤਾ ਜਾਵੇ। ਜਦਕਿ ਹੋਰ ਸਮਾਰੋਹ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ ਦੇ ਨਾਲ ਸਰਕਾਰ ਵੱਲੋਂ ਮਣਾਏ ਜਾਣਗੇ। ਕੈਪਟਨ ਅਮਰਿੰਦਰ ਸਿੰੰਘ ਨੇ ਸੈਰ-ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਮਹਾਨ ਸਮਾਰੋਹ ਨੂੰ ਸਫ਼ਲ ਅਤੇ ਬਿਨਾਂ ਅੜਚਣ ਯਕੀਨੀ ਬਣਾਉਣ ਲਈ ਰੂਪ-ਰੇਖਾ ਤਿਆਰ ਕਰਨ ਵਾਸਤੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਵਿਚਾਰ ਵਟਾਂਦਰਾ ਕਰਨ। ਇਸ ਮੌਕੇ ਦੁਨੀਆ ਭਰ ਤੋਂ ਲੱਖਾਂ ਸ਼ਰਧਾਲੂਆਂ ਦੇ ਪੰਜਾਬ ਆਉਣ ਦੀ ਉਮੀਦ ਹੈ ਜਿਸ ਦੇ ਵਾਸਤੇ ਸੂਬਾ ਸਰਕਾਰ ਨੇ ਸ਼ਾਨਦਾਰ ਸਮਾਰੋਹ ਦੀ ਯੋਜਨਾ ਬਣਾਈ ਹੈ। ਵਫਦ ਵਿੱਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ਾਮਲ ਸਨ। ਇਨ੍ਹਾਂ ਵਿੱਚ ਕਾਂਗਰਸ ਦੇ ਵਫਦ ਦੇ ਰਾਜ ਕੁਮਾਰ ਵੇਰਕਾ, ਕੁਲਬੀਰ ਸਿੰਘ ਜ਼ੀਰਾ, ਬਰਿੰਦਰਮੀਤ ਸਿੰਘ ਪਾਹੜਾ ਅਤੇ ਕਿੱਕੀ ਢਿੱਲੋਂ ਸ਼ਾਮਲ ਸਨ। ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਵਿੱਚ ਰੋਜ਼ੀ ਬਰਕੰਦੀ ਅਤੇ ਚਾਰ ਹੋਰ, ਭਾਜਪਾ ਦੇ ਅਰੁਨ ਨਾਰੰਗ, ਆਮ ਆਦਮੀ ਪਾਰਟੀ ਦੇ ਕੰਵਰ ਸੰਧੂ ਅਤੇ ਪੰਜ ਹੋਰ ਵਿਧਾਇਕ ਸ਼ਾਮਲ ਸਨ।

LEAVE A REPLY