ਨਵੀਂ ਦਿੱਲੀ, (ਆਵਾਜ ਬਿਊਰੋ)-ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਗੁਰਦੁਆਰਾ ਕਰਤਾਰਪੁਰ (ਪਾਕਿਸਤਾਨ) ਦੇ ਲਾਂਘੇ ਨੂੰ ਲੈ ਕੇ ਹੋਏ ਸਮਾਗਮ ਵਿੱਚ ਸ਼ਮੂਲੀਅਤ ਅਤੇ ਕੈਪਟਨ ਅਮਰਿੰਦਰ ਸਿੰਘ ਸਬੰਧੀ ਕੀਤੀ ਗਈ ਬਿਆਨਬਾਜ਼ੀ ਤੋਂ ਬਾਅਦ ਕੈਪਟਨ ਹਮਾਇਤੀ ਪੰਜਾਬ ਦੇ ਕੁੱਝ ਕਾਂਗਰਸੀਆਂ ਵੱਲੋਂ ਸਿੱਧੂ ਖਿਲਾਫ ਕੀਤੀ ਗਈ ਬਿਆਨਬਾਜ਼ੀ ਦਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬਹੁਤ ਬੁਰਾ ਮਨਾਉਂਦਿਆਂ ਪੰਜਾਬ ਦੇ ਸਮੂਹ ਕਾਂਗਰਸੀ ਮੰਤਰੀਆਂ ਅਤੇ ਆਗੂਆਂ ਨੂੰ ਆਪਣੇ ਮੂੰਹ ਬੰਦ ਕਰਨ ਦੇ ਹੁਕਮ ਦਿੱਤੇ ਹਨ। ਰਾਹੁਲ ਗਾਂਧੀ ਦਾ ਮੰਨਣਾ ਹੈ ਕਿ ਨਵਜੋਤ ਸਿੰਘ ਸਿੱਧੂ ਇੱਕ ਸਟਾਰ ਪ੍ਰਚਾਰਕ ਹੋਣ ਦੇ ਨਾਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਉਨ•ਾਂ ਖਿਲਾਫ ਪੰਜਾਬ ਦੇ ਮੰਤਰੀਆਂ ਅਤੇ ਨੇਤਾਵਾਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਸਿੱਧੂ ਦਾ ਭਾਵੇਂ ਕੁੱਝ ਨਹੀਂ ਵਿਗਾੜ ਸਕੇਗੀ ਪਰ ਚੋਣਾਂ ਵਾਲੇ ਸੂਬਿਆਂ ਵਿੱਚ ਕਾਂਗਰਸ ਨੂੰ ਭੁਗਤਣ ਵਾਲੀਆਂ ਵੋਟਾਂ ਨੂੰ ਵੱਡਾ ਖੋਰਾ ਲਗਾਏਗੀ। ਇਸੇ ਲਈ ਰਾਹੁਲ ਗਾਂਧੀ ਨੇ ਪੰਜਾਬ ਦੇ ਮੰਤਰੀਆਂ ਅਤੇ ਕਾਂਗਰਸੀ ਨੇਤਾਵਾਂ ਨੂੰ ਸਿੱਧੂ ਵਿਰੁੱਧ ਬਿਆਨਬਾਜੀ ਬੰਦ ਕਰਨ ਲਈ ਕਿਹਾ ਹੈ। ਇਹ ਵੀ ਸੂਚਨਾ ਹੈ ਕਿ ਰਾਹੁਲ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਚੋਣ ਪ੍ਰਚਾਰ ਦੌਰਾਨ ਉਹ ਮਾਮਲੇ ਨਾ ਉਠਾਉਣ ਲਈ ਕਿਹਾ ਹੈ, ਜੋ ਮਾਮਲੇ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਨੂੰ ਉਭਾਰਦੇ ਹੋਣ ਅਤੇ ਚੋਣਾਂÎ ਵਿੱਚ ਕਾਂਗਰਸ ਨੂੰ ਨੁਕਸਾਨ ਪਹੁੰਚਾਉਂਦੇ ਹੋਣ। ਰਾਹੁਲ ਦੀ ਇਸ ਮਾਰੀ ਝਿੜਕ ਦਾ ਹੀ ਸਿੱਟਾ ਹੈ ਕਿ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਵਿਰੁੱਧ ਦਿੱਤੇ ਬਿਆਨ ਦਾ ਘਾਟਾ ਪੂਰਾ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਪਿਤਾ ਬਰਾਬਰ ਕਰਾਰ ਦਿੰਦਿਆਂ ਕਿਹਾ ਹੈ ਕਿ ਮੈਂ ਕੈਪਟਨ ਅਮਰਿੰਦਰ ਨੂੰ ਮਿਲ ਕੇ ਇਹ ਮਾਮਲਾ ਹੱਲ ਕਰ ਲਵਾਂਗਾ। ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਤੋਂ ਅਸਤੀਫੇ ਦੀ ਮੰਗ ਕਰਨ ਵਾਲੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਹੋਰ ਕੈਪਟਨ ਨਾਲ ਵਫਾਦਾਰੀ ਜਿਤਾਉਣ ਵਾਲੇ ਮੰਤਰੀਆਂ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਸਾਡਾ ਬਹੁਤ ਕੀਮਤੀ ਸਾਥੀ ਹੈ। ਇਸ ਲਈ ਅਸੀਂ ਉਸ ਤੋਂ ਅਸਤੀਫਾ ਦੇਣ ਲਈ ਦਬਾਅ ਪਾਉਣ ਵਾਲੇ ਜਾਰੀ ਕੀਤੇ ਸਾਰੇ ਬਿਆਨ ਵਾਪਸ ਲੈਂਦੇ ਹਾਂ। ਰਾਹੁਲ ਦੇ ਦਬਾਅ ਕਾਰਨ ਹੀ ਅੱਜ ਪੰਜਾਬ ਮੰਤਰੀ ਮੰਡਲ ਦੀ ਹੋਈ ਮੀਟਿੰਗ ਵਿੱਚ ਵੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ।