ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਬਜਟ ਦੀਆਂ ਕਾਪੀਆਂ ਸਾੜੀਆਂ

0

ਕੋਟਕਪੂਰਾ, ਡਾ.ਐਚ.ਐਸ.ਧੁੰਨਾਂ – ਵਿੱਤ ਮੰਤਰੀ, ਪੰਜਾਬ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਿਛਲੇ ਦਿਨੀ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਬਜਟ ਵਿੱਚ ਕਾਂਗਰਸ ਪਾਰਟੀ ਵੱਲੋਂ ਚੋਣਾਂ ਸਮੇਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦਾ ਕੋਈ ਜਿਕਰ ਨਾ ਕਰਕੇ ਸੰਘਰਸ਼ ਸ਼ੀਲ ਕੱਚੇ ਮੁਲਾਜ਼ਮਾਂ, ਰੈਗੂਲਰ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਜਖਮਾਂ ‘ਤੇ ਲੂਣ ਛਿੜਕਿਆ ਹੈ। ਇਸ ਮੋਮੋਠੱਗਣੀ ਚੁੱਪ ਦਾ ਜਵਾਬ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਲੱਖਾ ਮੁਲਾਜ਼ਮ ਅਤੇ ਪੈਨਸ਼ਨਰ ਦੇਣਗੇ। ਅੱਜ ਇੱਥੇ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਦੇ ਬਜਟ ਦੀਆਂ ਕਾਪੀਆਂ ਸਾੜਣ ਸਮੇਂ ਪੰਜਾਬ ਸਰਕਾਰ ਨੂੰ ਇਹ ਚਿਤਾਵਨੀ ਦਿੱਤੀ ਗਈ। ਧਰਨੇ ਦੀ ਸੂਰਆਤ ਸਮੇਂ ਪੁਲਵਾਮਾ ਵਿਖੇ ਸ਼ਹੀਦ ਹੋਏ 40 ਸੀ.ਆਰ.ਪੀ.ਐਫ. ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਸੁਰੱਖਿਆ ਪ੍ਰਬੰਧਾਂ ਵਿੱਚ ਹੋਈ ਇਸ ਵੱਡੀ ਗਲਤੀ ਦੀ ਜਿੰਮੇਵਾਰੀ ਤਹਿ ਕੀਤੀ ਜਾਵੇ।  ਇਸ ਮੌਕੇ ‘ਤੇ ਸੰਘਰਸ਼ ਕਮੇਟੀ ਦੇ ਅਸ਼ੋਕ ਕੌਸ਼ਲ, ਜਤਿੰਦਰ ਕੁਮਾਰ, ਕਿਰਨ ਪ੍ਰਕਾਸ਼ ਮਹਿਤਾ, ਅਮਰੀਕ ਸਿੰਘ ਸੰਧੂ, ਪ੍ਰੇਮ ਚਾਵਲਾ, ਅਮਰਜੀਤ ਸਿੰਘ ਵਾਲੀਆ, ਨਛੱਤਰ ਸਿੰਘ ਭਾਣਾ, ਸੁਖਦੇਵ ਸਿੰਘ ਮੱਲੀ, ਵੀਰਇੰਦਰਜੀਤ ਸਿੰਘ ਪੁਰੀ, ਗੁਰਵਿੰਦਰ ਸਿੰਘ ਵਿਰਕ ਅਤੇ ਸਮੂਹ ਵਿਭਾਗਾਂ ਦੇ ਕਰਮਚਾਰੀ ਆਗੂਆਂ ਨੇ ਸੰਬੋਧਨ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਠੇਕਾ ਅਧਾਰਤ, ਆਊਟ ਸੋਰਸ ਅਤੇ ਐਡਹਾਕ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ, ਮਹਿੰਗਾਈ ਭੱਤੇ ਦੀਆਂ ਚਾਰ ਕਿਸ਼ਤਾਂ ਸਮੇਤ ਪੂਰਾ ਬਕਾਇਆ ਤੁਰੰਤ ਦਿੱਤਾ ਜਾਵੇ, ਪੇਅ ਕਮਿਸ਼ਨ ਦੀ ਰਿਪੋਰਟ ਜਾਰੀ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਅਤੇ ਸਰਕਾਰੀ ਵਿਭਾਗਾਂ ਦੇ ਨਿਜੀਕਰਨ ਕਰਨ ਵਾਲੇ ਫੈਸਲੇ ਰੱਦ ਕੀਤੇ ਜਾਣ। ਇਸ ਮੌਕੇ ‘ਤੇ ਮੁਲਾਜ਼ਮ ਆਗੂ ਜਸਮੇਲ ਸਿੰਘ, ਜਗਜੀਤ ਸਿੰਘ ਮਚਾਕੀ, ਭਰਤ ਚਾਵਲਾ, ਕੁਲਵੰਤ ਸਿੰਘ ਚਾਨੀ, ਸੁਖਮੰਦਰ ਸਿੰਘ, ਸੁਖਚਰਨ ਸਿੰਘ, ਗੁਰਚਰਨ ਸਿੰਘ ਮਾਨ, ਲਖਵਿੰਦਰ ਸਿੰਘ, ਸੋਮ ਨਾਥ ਅਰੋੜਾ, ਸੁਖਦਰਸ਼ਨ ਸਿੰਘ ਗਿੱਲ, ਅਵਤਾਰ ਸਿੰਘ, ਹਾਕਮ ਸਿੰਘ, ਰੇਖਾ ਰਾਣੀ ਅਤੇ ਤਰਸੇਮ ਨਰੂਲਾ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਸੰਘਰਸ਼ ਕਮੇਟੀ ਦੀ ਸੂਬਾਈ ਲੀਡਰਸ਼ਿਪ ਦੀ 28 ਫਰਵਰੀ ਨੂੰ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਸਫਲ ਨਾ ਹੋਈ, ਤਾਂ ਚੋਣਵੇ ਮੰਤਰੀਆਂ ਦੀਆਂ ਕੋਠੀਆਂ ਦਾ ਘਿਰਾਓ ਕੀਤਾ ਜਾਵੇਗਾ।

About Author

Leave A Reply

whatsapp marketing mahipal