ਮਾਮਲਾ ਅਧਿਆਪਕਾਂ ਦੀ ਤਨਖਾਹ ਕਟੌਤੀ ਦਾ ਨੌਜਵਾਨ ਭਾਰਤ ਸਭਾ ਅਤੇ ਕਿਸਾਨ ਯੂਨੀਅਨ ਉਗਰਾਹਾਂ ਨੇ ਪਿੰਡਾਂ ’ਚ ਕੀਤੇ ਅਰਥੀ ਫੂਕ ਮੁਜ਼ਾਹਰੇ

0


ਅੱਜ ਵਿੱਤ ਮੰਤਰੀ ਦੀ ਕੋਠੀ ਦੇ ਘਿਰਾਉ ’ਚ ਪੁੱਜਣ ਦੀ ਕੀਤੀ ਅਪੀਲ
ਮੌੜ ਮੰਡੀ – ਸ਼ਾਮ ਲਾਲ ਜੋਧਪੁਰੀਆ
ਨੌਜਵਾਨ ਭਾਰਤ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅਧਿਆਪਕਾਂ ਦੀ ਤਨਖਾਹ ਕਟੌਤੀ ਦੇ ਵਿਰੋਧ ’ਚ 18 ਨਵੰਬਰ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਅੱਗੇ ਦਿੱਤੇ ਜਾ ਰਹੇ ਧਰਨੇ ਨੂੰ ਸਫ਼ਲ ਬਣਾਉਣ ਲਈ ਅੱਜ ਪਿੰਡ ਮਾਈਸਰਖਾਨਾ, ਮਾੜੀ ਅਤੇ ਮੌੜ ਚੜ੍ਹਤ ਸਿੰਘ ਵਿਖੇ ਅਰਥੀ ਫੂਕ ਮੁਜ਼ਾਹਰੇ ਕਰਦੇ ਹੋਏ ਪੰਜਾਬ ਸਰਕਾਰ ਖਿਲਾਫ਼ ਭਰਵੀਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵੱਖ ਵੱਖ ਪਿੰਡਾਂ ’ਚ ਦਿੱਤੇ ਜਾ ਰਹੇ ਸੁਨੇਹੇ ਦੋਰਾਨ ਲੋਕਾਂ ਦੇ ਭਾਰੀ ਇਕੱਠਾਂ ਨੂੰ ਸੰਬੋਧਨ ਕਰਦੇ ਹੋਏ ਨੌਜਵਾਨ ਭਾਰਤ ਸਭਾ ਦੇ ਆਗੂ ਸਰਬਜੀਤ ਮੌੜ, ਐਸ.ਐਸ.ਏ. ਅਧਿਆਪਕ ਆਗੂ ਹਰਜੀਤ ਸਿੰਘ ਜੀਦਾ ਅਤੇ ਕਿਸਾਨ ਆਗੂ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਪੰਜਾਬ ਸਰਕਾਰ ਗਰੀਬ ਅਤੇ ਮਜ਼ਦੂਰ ਲੋਕਾਂ ਤੋਂ ਸਿੱਖਿਆ ਦਾ ਅਧਿਕਾਰ ਖੋਹਣ ਲਈ ਨਿੱਤ ਨਵੀਆਂ ਆਰਥਿਕ ਨੀਤੀਆਂ ਨੂੰ ਲਾਗੂ ਕਰ ਰਹੀ ਹੈ ਅਤੇ ਲੋਕਾਂ ਨੂੰ ਮਿਲਦੀਆਂ ਤੁੱਛ ਸਹੂਲਤਾਂ ਨੂੰ ਖੋਹਣ ਲਈ ਪੱਬਾਂ ਭਾਰ ਹੈ। ਅਧਿਆਪਕਾਂ ਦੀਆਂ ਤਨਖਾਹਾਂ ਘਟਾਉਣਾ, ਕੱਚੇ ਅਧਿਆਪਕਾਂ ਨੂੰ ਪੱਕੇ ਨਾ ਕਰਨਾ, ਤਨਖਾਹਾਂ ਰੋਕਣੀਆ, ਪ੍ਰਬੰਧਾਂ ’ਚ ਨਿਘਾਰ ਲਿਆਉਣਾ, ਸੰਘਰਸ਼ ਦੇ ਰਾਹ ਪਏ ਅਧਿਆਪਕਾਂ ਤੇ ਜੁਲਮ ਦੇ ਝੱਖੜ ਝੁਲਾਉਣੇ, ਮੁੱਖ ਮੰਤਰੀ ਵਲੋਂ ਮੀਟਿੰਗ ਦਾ ਵਾਅਦਾ ਕਰਕੇ ਮੁੱਕਰਨਾ ਸਰਕਾਰ ਦੀ ਗਿਣੀ ਮਿੱਥੀ ਸਾਜ਼ਿਸ਼ ਦਾ ਹਿੱਸਾ ਹਨ ਤਾਂ ਜੋ ਲੋਕਾਂ ਲਈ ਚੱਲ ਰਹੇ ਸਰਕਾਰੀ ਸਕੂਲਾਂ ਨੂੰ ਬੰਦ ਕਰਕੇ ਉਹਨਾਂ ਦੀ ਪ੍ਰਾਈਵੇਟ ਤੌਰ ਤੇ ਲੁੱਟ ਕਰਵਾਈ ਜਾ ਸਕੇ। ਉਹਨਾਂ ਕਿਹਾ ਕਿ ਸਰਕਾਰ ਇਸ ਤਰ੍ਹਾਂ ਜੁਲਮ ਕਰਕੇ ਤਾਨਾਸ਼ਾਹ ਬਣ ਚੁੱਕੀ ਹੈ ਅਤੇ ਜੇਕਰ ਸਰਕਾਰ ਦੇ ਇਸ ਧੱਕੇ ਦਾ ਜਵਾਬ ਜਬਰਦਸਤ ਤਰੀਕੇ ਨਾਲ ਨਾ ਦਿੱਤਾ ਤਾਂ ਸਰਕਾਰ ਆਪਣੇ ਜੁਲਮਾਂ ’ਚ ਵਾਧਾ ਕਰਦੇ ਹੋਏ ਹਰ ਤਰ੍ਹਾਂ ਦੇ ਸੰਘਰਸ਼ਾਂ ਨੂੰ ਦਬਾ ਕੇ ਤਾਨਾਸ਼ਾਹੀ ਰਾਜ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਕਰੇਗੀ। ਉਹਨਾਂ ਕਿਹਾ ਕਿ ਪੰਜਾਬ ਦੇ ਸੰਘਰਸ਼ਸ਼ੀਲ ਅਤੇ ਮਿਹਨਤਕਸ਼ ਲੋਕ ਇਸ ਨੂੰ ਕਦੇ ਵੀ ਕਾਮਯਾਬ ਹੋਣ ਦੇਣਗੇ। ਉਹਨਾਂ ਕਿਹਾ ਕਿ ਅਧਿਆਪਕਾਂ ਤੇ ਹੋ ਰਹੇ ਜੁਲਮ ਅਤੇ ਸਰਕਾਰ ਦੀਆਂ ਘਟੀਆਂ ਨੀਤੀਆਂ ਨੂੰ ਪਿੰਡ ਪਿੰਡ ਨੰਗਾ ਕੀਤਾ ਜਾਵੇਗਾ ਤਾਂ ਜੋ ਸਰਕਾਰਾਂ ਦੇ ਹੰਕਾਰ ਨੂੰ ਤੋੜਿਆ ਜਾ ਸਕੇ। ਉਹਨਾਂ ਲੋਕਾਂ ਨੂੰ 18 ਨਵੰਬਰ ਨੂੰ ਬਠਿੰਡਾ ਵਿਖੇ ਵਿੱਤ ਮੰਤਰੀ ਦੀ ਕੋਠੀ ਦੇ ਕੀਤੇ ਜਾ ਰਹੇ ਘਿਰਾਉ ’ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਦਰਸ਼ਨ ਸਿੰਘ ਮਾਈਸਰਖਾਨਾ, ਜਗਜੀਤ ਸਿੰਘ ਮਾਨ, ਗੁਰਪਿਆਰ ਸਿੰਘ ਰਾਮਪੁਰਾ, ਮਨੀਸ਼ ਮਿਗਲਾਨੀ, ਹਰਜੀਤ ਸਿੰਘ ਮਾੜੀ, ਤੇਜਾ ਸਿੰਘ, ਵਕੀਲ ਸਿੰਘ, ਬਲਜਿੰਦਰ ਸਿੰਘ ਬੰਟੀ, ਸ਼ਰਨਜੀਤ ਚੀਕੂ, ਹਰਪ੍ਰੀਤ ਸਿੰਘ ,ਹਰਵਿੰਦਰ ਤੋਤਾ, ਮੰਗਤ ਰਾਏ, ਬਲਜਿੰਦਰ ਕੌਰ, ਗੁਰਮੇਲ ਕੌਰ ਆਦਿ ਤੋਂ ਇਲਾਵਾ ਭਾਰੀ ਗਿਣਤੀ ’ਚ ਜਥੇਬੰਦੀਆਂ ਦੇ ਵਰਕਰ, ਵਿਦਿਆਰਥੀ ਅਤੇ ਪਿੰਡ ਵਾਸੀ ਮੌਜੂਦ ਸਨ।

About Author

Leave A Reply

whatsapp marketing mahipal