ਭਾਰਤ ਵਿੱਚ ਅਮੀਰ ਤੇਜੀ ਨਾਲ ਹੋਰ ਅਮੀਰ, ਗਰੀਬ ਗਰੀਬੀ ਦੀ ਦਲਦਲ ਵਿੱਚ ਧਸੇ 

0

* ਭਾਰਤ ਦੇ ਅਰਬਪਤੀਆਂ ਦੀ ਜਾਇਦਾਦ 12 ਫੀਸਦੀ ਵਧੀ, 50 ਫੀਸਦੀ ਗਰੀਬਾਂ ਦੀ ਜਾਇਦਾਦ ਘਟੀ
* ਅਮੀਰੀ-ਗਰੀਬੀ ਦਾ ਪਾੜਾ ਦੇਸ਼ ਦੇ ਸਮਾਜਿਕ ਲੋਕਤੰਤਰ ਲਈ ਖਤਰਨਾਕ

ਦਾਵੋਸ, ਆਵਾਜ਼ ਬਿਊਰੋ-ਭਾਰਤ ਦੇ ਅਰਬਤੀਆਂ ਦੀ ਜਾਇਦਾਦ ਵਿੱਚ ਪਿਛਲੇ ਸਾਲ 2018 ਦੌਰਾਨ ਹਰ ਦਿਨ 2200 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਦੇਸ਼ ਦੇ ਟਾਪ 1 ਫੀਸਦੀ ਵਿੱਚ ਸ਼ਾਮਲ ਅਮੀਰਾਂ ਦੀ ਜਾਇਦਾਦ ਵਿੱਚ 39 ਫੀਸਦੀ ਵਾਧਾ ਹੋਇਆ, ਜਦੋਂ ਕਿ ਘੱਟ ਤੋਂ ਘੱਟ ਜਾਇਦਾਦ ਵਾਲੀ ਦੇਸ਼ ਦੀ 50 ਫੀਸਦੀ ਅਬਾਦੀ ਦੀ ਜਾਇਦਾਦ ਸਿਰਫ 3 ਫੀਸਦੀ ਹੀ ਵਧੀ। ਅੋਕਸਫੈਮ ਨਾਂਅ ਦੀ ਸੰਸਥਾ ਨੇ ਰਿਪੋਰਟ ਜਾਰੀ ਕਰਕੇ ਦੱਸਿਆ ਹੈ ਕਿ ਦੁਨੀਆ ਦੇ ਅਰਬਪਤੀਆਂ ਦੀ ਜਾਇਦਾਦ ਵਾਸਤੇ ਪਿਛਲੇ ਸਾਲ 12 ਫੀਸਦੀ ੇ(2.5 ਅਰਬ ਡਾਲਰ) ਰੋਜਾਨਾ ਦਾ ਵਾਧਾ ਹੋਇਆ, ਜਦੋਂ ਕਿ ਗਰੀਬਾਂ ਵਿੱਚ ਸ਼ਾਮਲ ਦੁਨੀਆ ਦੀ ਅੱਧੀ ਅਬਾਦੀ ਦੀ ਦੌਲਤ 11 ਫੀਸਦੀ ਹੋਰ ਘੱਟ ਗਈ। ਰਿਪੋਰਟ ਅਨੁਸਾਰ ਪਿਛਲੇ ਸਾਲ ਭਾਰਤ ਦੇ ਅਰਬਪਤੀਆਂ ਦੀ ਲਿਸਟ ਵਿੱਚ 18 ਨਾਮ ਹੋਰ ਜੁੜ ਗਏ ਅਤੇ ਭਾਰਤੀ ਅਰਬਪਤੀਆਂ ਦੀ ਗਿਣਤੀ 119 ਹੋ ਗਈ। ਇਨ੍ਹਾਂ ਦੀ ਕੁੱਲ ਜਾਇਜਾਦ ਦਾ ਅੰਕੜਾ ਪਹਿਲੀ ਵਾਰ 28 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਦੇਸ਼ ਦੇ ਸਭ ਤੋਂ ਵੱਡੇ ਅਮੀਰ ਮੁਕੇਸ਼ ਅੰਬਾਨੀ ਦੀ ਦੌਲਤ 2.8 ਲੱਖ ਕਰੋੜ ਰੁਪਏ ਹੈ। ਅਬਾਨੀ ਦੀ ਇਹ ਦੌਲਤ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਮੈਡੀਕਲ, ਸਿਹਤ ਸੇਵਾਵਾਂ, ਪਾਣੀ ਸਪਲਾਈ ਦੇ ਮਾਲੀਏ ਅਤੇ ਹੋਰ ਖਰਚਿਆਂ (2.0 ਲੱਖ ਕਰੋੜ ਰੁਪਏ) ਤੋਂ ਵੱਧ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਦੇ 13.6 ਕਰੋੜ ਲੋਕ ਜੋ ਕਿ ਸਭ ਤੋਂ ਵੱਧ ਗਰੀਬ 10 ਫੀਸਦੀ ਅਬਾਦੀ ਵਿੱਚ ਸ਼ਾਮਲ ਹਨ, ਉਹ ਸਾਲ 2004 ਤੋਂ ਲਗਾਤਾਰ ਕਰਜਿਆਂ ਵਿੱਚ ਫਸਦੇ ਜਾ ਰਹੇ ਹਨ। ਰਿਪੋਰਟ ਦਾ ਕਹਿਣਾ ਹੈ ਕਿ ਗਰੀਬਾਂ ਅਤੇ ਅਮੀਰਾਂ ਵਿਚਾਲੇ ਵੱਧਦਾ ਪਾੜਾ ਸਰਕਾਰਾਂ ਦੀਆਂ ਗਰੀਬੀ ਮਿਟਾਉਣ ਦੀਆਂ ਕੋਸ਼ਿਸ਼ਾਂ ਨੂੰ ਖੋਖਲਾ ਕਰ ਰਿਹਾ ਹੈ। ਇਹ ਫਰਕ ਜਿੱਥੇ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚਾ ਰਿਹਾ ਹੈ, ਉਸ ਦੇ ਨਾਲ ਹੀ ਗਰੀਬੀ ਦੇ ਜੰਜਾਲ ਵਿੱਚ ਫਸੇ ਲੋਕਾਂ ਵਿੱਚ ਗੁੱਸਾ ਵੀ ਵਧਾ ਰਿਹਾ ਹੈ। ਰਿਪੋਰਟ ਵਿੱਚ ਚਿੰਤਾ ਪ੍ਰਗਟ ਕੀਤੀ ਗਈ ਹੈ ਕਿ ਅਮੀਰੀ-ਗਰੀਬੀ ਦਾ ਪਾੜਾ ਵੱਧਣ ਨੂੰ ਸਿਆਸੀ ਅਤੇ ਕਾਰੋਬਾਰੀ ਲੋਕਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਅਮੀਰੀ ਅਤੇ ਗਰੀਬੀ ਦੇ ਵੱਧਦੇ ਫਰਕ ਨੂੰ ਖਤਮ ਕਰਨ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਓਕਸਫੈਮ ਦੇ ਕੌਮਾਂਤਰੀ ਕਾਰਜਕਾਰੀ ਨਿਰਦੇਸ਼ਕ ਵਿੰਨੀ ਬਿਆਨੀਮਾ ਦਾ ਕਹਿਣਾ ਹੈ ਕਿ ਇਹ ਨੈਤਿਕ ਤੌਰ ‘ਤੇ ਬਹੁਤ ਅਪਮਾਨਜਨਕ ਸਥਿਤੀ ਹੈ ਕਿ ਕੁੱਝ ਅਮੀਰ ਭਾਰਤੀਆਂ ਦੀ ਜਾਇਦਾਦ ਲਗਾਤਾਰ ਵੱਧ ਰਹੀ ਹੈ, ਜਦੋਂ ਕਿ ਗਰੀਬ ਆਪਣੀ ਦੋ ਵੇਲੇ ਦੀ ਰੋਟੀ ਅਤੇ ਬੱਚਿਆਂ ਦੀਆਂ ਦਵਾਈਆਂ ਲਈ ਵੀ ਦਿਨ ਰਾਤ ਸੰਘਰਸ਼ ਕਰ ਰਹੇ ਹਨ। ਵਿੰਨੀ ਦਾ ਕਹਿਣਾ ਹੈ ਕਿ ਦੇਸ਼ ਦੀ ਇਹ ਸਥਿਤੀ ਇੱਥੋਂ ਦੀ ਸਮਾਜਿਕ ਲੋਕਤੰਤਰਕ ਵਿਵਸਥਾ ਨੂੰ ਵੱਡਾ ਨੁਕਸਾਨ ਪਹੁੰਚਾ ਸਕਦੀ ਹੈ।

About Author

Leave A Reply

whatsapp marketing mahipal