ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਾਰੇ ਅਹੁਦੇਦਾਰਾਂ ਵੱਲੋਂ ਅਸਤੀਫ਼ੇ

0


*ਦੋਸ਼ਮੁਕਤ ਹੋਣ ਤੱਕ ਅਹੁਦੇ ਨਾ ਸੰਭਾਲਣ ਦਾ ਐਲਾਨ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ)-ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਤੇ ਸਕੱਤਰ ਜਨਰਲ ਮਨਜਿੰਦਰ ਸਿੰਘ ਸਿਰਸਾ ਸਮੇਤ ਸਾਰੇ 15 ਅਹੁਦੇਦਾਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਜੀਕੇ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਪੁਸ਼ਟੀ ਕੀਤੀ ਹੈ ਕਿ ਗੁਰਦੁਆਰਾ ਕਮੇਟੀ ਉੱਪਰ ਇਲਜ਼ਾਮ ਲੱਗਣ ਤੋਂ ਬਾਅਦ ਸਾਰੇ ਅਹੁਦੇਦਾਰਾਂ ਨੇ ਅਸਤੀਫ਼ੇ ਦੇਣ ਦਾ ਫੈਸਲਾ ਕੀਤਾ ਹੈ। ਹੁਣ, ਆਉਣ ਵਾਲੀ 27-30 ਦਸੰਬਰ ਤਕ ਕਾਰਜਕਾਰਨੀ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਨੂੰ ਅਪੀਲ ਵੀ ਕਰ ਦਿੱਤੀ ਹੈ। ਇਹ ਚੋਣਾਂ ਅਗਲੇ ਸਾਲ ਕਰਵਾਈਆਂ ਜਾਣੀਆਂ ਸਨ ਪਰ ਹੁਣ ਤਿੰਨ ਮਹੀਨੇ ਪਹਿਲਾਂ ਕਰਵਾਉਣ ਦੀ ਅਪੀਲ ਕੀਤੀ ਹੈ। ਜੀਕੇ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਇਲਜ਼ਾਮਾਂ ਦੇ ਸਾਫ਼ ਹੋਣ ਤਕ ਉਹ ਕਿਸੇ ਵੀ ਅਹੁਦੇ ‘ਤੇ ਨਹੀਂ ਬੈਠਣਗੇ। ਫਿਲਹਾਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਾਇਮ ਹੈ ਪਰ ਕਾਰਜਕਾਰਨੀ ਭੰਗ ਕਰ ਦਿੱਤੀ ਗਈ ਹੈ। ਕਾਰਜਕਾਰਨੀ ਦੇ ਮੈਂਬਰਾਂ ਨੇ ਕਾਨੂੰਨ ਮੁਤਾਬਕ 21 ਦਿਨਾਂ ਦਾ ਨੋਟਿਸ ਦੇ ਕੇ ਚੋਣ ਮੁੜ ਤੋਂ ਕਰਵਾਉਣ ਦੀ ਗੁਰਦੁਆਰਾ ਚੋਣ ਕਮਿਸ਼ਨ ਨੂੰ ਅਪੀਲ ਵੀ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜੀਕੇ ਧੜੇ ਦੇ ਵਿਰੋਧੀ ਸਿੱਖ ਲੀਡਰ ਗੁਰਮੀਤ ਸਿੰਘ ਸ਼ੰਟੀ ਵੱਲੋਂ ਕਮੇਟੀ ਉੱਪਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਜਾਂਦੇ ਹਨ ਤੇ ਇਸ ਬਾਬਤ ਉਨ੍ਹਾਂ ਕੇਸ ਦਰਜ ਕਰਵਾਉਣ ਲਈ ਅਦਾਲਤ ਵਿੱਚ ਪਟੀਸ਼ਨ ਵੀ ਪਾਈ ਹੋਈ ਹੈ, ਜਿਸ ਦੀ ਸੁਣਵਾਈ ਭਲਕੇ ਹੈ। ਸੂਤਰਾਂ ਮੁਤਾਬਕ ਜੇਕਰ ਇਸ ਸਮੇਂ ਕਮੇਟੀ ਭੰਗ ਕਰ ਦਿੱਤੀ ਜਾਂਦੀ ਹੈ ਤੇ ਅਦਾਲਤ ਹੁਕਮ ਕਰਦੀ ਹੈ ਤਾਂ ਕੇਸ ਡੀਐਸਜੀਐਮਸੀ ਦੀ ਬਜਾਏ ਸਿਰਫ਼ ਜੀਕੇ ਦੇ ਨਾਂ ‘ਤੇ ਹੋਵੇਗਾ ਤੇ ਇਹੋ ਅਸਤੀਫ਼ਿਆਂ ਦੀ ਮੁੱਖ ਵਜ੍ਹਾ ਹੋ ਸਕਦੀ ਹੈ।

ਨਵੇਂ ਅਹੁੱਦੇਦਾਰਾਂ ਦੀ ਚੋਣ ਕਰਵਾਉਣ ਨੂੰ ਅਤ੍ਰਿੰਗ ਬੋਰਡ ਨੇ ਦਿੱਤੀ ਮਨਜੂਰੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਤ੍ਰਿੰਗ ਬੋਰਡ ਦੀ ਅੱਜ ਹੋਈ ਮੀਟਿੰਗ ਦੌਰਾਨ ਕਮੇਟੀ ਦੇ ਨਵੇਂ ਅਹੁੱਦੇਦਾਰਾਂ ਦੀ ਚੋਣ ਲਈ ਦਸੰਬਰ 2018 ਦੇ ਆਖਿਰੀ ਹਫਤੇ ‘ਚ ਜਰਨਲ ਹਾਊਸ ਬੁਲਾਉਣ ਦਾ ਫੈਸਲਾ ਲਿਆ ਗਿਆ। ਕਮੇਟੀ ਦਫਤਰ ਵਿਖੇ ਹੋਈ 5 ਕਮੇਟੀ ਅਹੁੱਦੇਦਾਰਾਂ ਅਤੇ 10 ਅਤ੍ਰਿੰਗ ਬੋਰਡ ਮੈਂਬਰਾਂ ਦੀ ਇਕੱਤ੍ਰਤਾ ਦੌਰਾਨ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਲੀ ਤੋਂ ਨਨਕਾਣਾ ਸਾਹਿਬ ਤਕ ਨਗਰ ਕੀਰਤਨ ਲੈ ਜਾਣ ਨੂੰ ਵੀ ਮਨਜ਼ੂਰੀ ਦਿੱਤੀ ਗਈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਮੇਟੀ ‘ਤੇ ਲਗ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਹਵਾਲਾ ਦਿੰਦੇ ਹੋਏ 29 ਮਾਰਚ 2019 ਨੂੰ ਹੋਣ ਵਾਲੇ ਜਰਨਲ ਹਾਊਸ ਨੂੰ ਪਹਿਲਾ ਬੁਲਾਉਣ ਦੀ ਤਜ਼ਵੀਜ਼ ਦਿੱਤੀ। ਤਾਂ ਕਿ ਨਵੇਂ ਅਹੁੱਦੇਦਾਰਾਂ ਵੱਲੋਂ ਨਵੀਂ ਜਾਂਚ ਕਮੇਟੀ ਬਣਾ ਕੇ ਪੁਰਾਣੇ ਅਹੁੱਦੇਦਾਰਾਂ ‘ਤੇ ਲੱਗੇ ਦੋਸ਼ਾਂ ਦੀ ਨਿਰਪੱਖ ਜਾਂਚ ਹੋ ਸਕੇ। ਜਿਸ ਨੂੰ ਅਤ੍ਰਿੰਗ ਬੋਰਡ ਨੇ ਪ੍ਰਵਾਨਗੀ ਦਿੰਦੇ ਹੋਏ 21 ਦਿਨਾਂ ਦੇ ਨੋਟਿਸ ਪੀਰਿਅਡ ਦੇ ਆਧਾਰ ‘ਤੇ 27 ਤੋਂ 29 ਦਸੰਬਰ ਦੇ ਵਿੱਚਕਾਰ ਜਰਨਲ ਹਾਊਸ ਨੂੰ ਬੁਲਾਉਣ ਦੀ ਮਨਜੂਰੀ ਗੁਰਦੁਆਰਾ ਚੋਣ ਡਾਇਰੈਕਟਰ ਪਾਸੋਂ ਲੈਣ ਲਈ ਪੱਤਰ ਭੇਜਣ ਦੀ ਗੱਲ ਕਹੀ। ਅਤ੍ਰਿੰਗ ਬੋਰਡ ਦੀ ਮੀਟਿੰਗ ਉਪਰੰਤ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨਵੇਂ ਅਹੁੱਦੇਦਾਰਾਂ ਦੀ ਚੋਣ ਲਈ 3 ਮਹੀਨੇ ਪਹਿਲੇ ਜਨਰਲ ਹਾਊਸ ਬੁਲਾਉਣ ਦਾ ਅਤ੍ਰਿੰਗ ਬੋਰਡ ਨੇ ਮਤਾ ਪਾਸ ਕੀਤਾ ਹੈ।
ਜੀ.ਕੇ. ਨੇ ਕਿਹਾ ਕਿ ਧਾਰਮਿਕ ਸਿਆਸਤ ‘ਚ ਐਫ.ਆਈ.ਆਰ. ਹੋਣ ਦੇ ਬਾਵਜੂਦ ਵੀ ਕਦੇ ਅਹੁੱਦੇਦਾਰਾਂ ਨੇ ਆਪਣੇ ਆਹੁੱਦੇ ਨਹੀਂ ਛੱਡੇ ਸੀ। ਪਰ ਅਸੀਂ ਸੰਗਤ ਨੂੰ ਜਵਾਬਦੇਹ ਹਾਂ, ਇਸ ਲਈ ਲਗ ਰਹੇ ਦੋਸ਼ਾਂ ਦੀ ਨਿਰਪੱਖ ਜਾਂਚ ਲਈ ਅਸੀਂ ਨਵੇਂ ਜਰਨਲ ਹਾਊਸ ਦਾ ਗਠਨ 3 ਮਹੀਨੇ ਪਹਿਲੇ ਕਰਾਉਣ ਦਾ ਫੈਸਲਾ ਲਿਆ ਹੈ।ਤਾਂ ਕਿ ਨਵੀਂ ਕਮੇਟੀ ਮਾਮਲੇ ਦੀ ਨਿਰਪੱਖ ਜਾਂਚ ਕਰ ਸਕੇ। ਜੀ.ਕੇ. ਨੇ ਅਤ੍ਰਿੰਗ ਬੋਰਡ ਦੇ ਮੈਬਰਾਂ ਵੱਲੋਂ ਇਸ ਸਬੰਧੀ ਲਏ ਗਏ ਫੈਸਲੇ ਨੂੰ ਫਰਾਖ ਦਿਲੀ ਨਾਲ ਲਿਆ ਗਿਆ ਫੈਸਲਾ ਦੱਸਦੇ ਹੋਏ ਅੱਜ ਦੇ ਫੈਸਲੇ ਨਾਲ ਧਾਰਮਿਕ ਸਿਆਸਤ ‘ਚ ਨਵਾਂ ਉਦਾਹਰਣ ਸਥਾਪਿਤ ਹੋਣ ਦਾ ਦਾਅਵਾ ਕੀਤਾ। ਜੀ.ਕੇ. ਨੇ ਕਿਹਾ ਕਿ ਅਫਵਾਹਾਂ ਅਤੇ ਆਰੋਪ ਕਿਸੇ ਵੀ ਧਾਰਮਿਕ ਸੰਸਥਾਂ ‘ਤੇ ਲਗਣੇ ਠੀਕ ਨਹੀਂ ਹੁੰਦੇ। ਇਸ ਲਈ ਪਾਰਟੀ ਹਾਈਕਮਾਨ ਨੂੰ ਵਿਸ਼ਵਾਸ ‘ਚ ਲੈ ਕੇ ਇਹ ਫੈਸਲਾ ਲਿਆ ਗਿਆ ਹੈ। ਕਿਊਂਕਿ ਅਸੀਂ ਕੁਰਸੀ ‘ਤੇ ਬੈਠ ਕੇ ਵਿਰੋਧੀਆਂ ਦੇ ਇਸ ਇਲਜ਼ਾਮ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਕਿ ਅਸੀਂ ਸੱਚ ਸਾਹਮਣੇ ਆਉਣ ‘ਚ ਰੁਕਾਵਟ ਪੈਦਾ ਕਰ ਰਹੇ ਹਾਂ। ਸਿਰਸਾ ਨੇ ਕਿਹਾ ਕਿ ਨਵੇਂ ਜਨਰਲ ਹਾਊਸ ਨੂੰ 3 ਮਹੀਨੇ ਪਹਿਲੇ ਸੱਦਣ ਦੇ ਸੂਝਾਵ ‘ਤੇ ਅਤ੍ਰਿੰਗ ਬੋਰਡ ਨੇ ਜੋ ਮੁਹਰ ਲਗਾਈ ਹੈ। ਉਸਨੂੰ ਅਗਲੀ ਮਨਜੂਰੀ ਲਈ ਅਸੀਂ ਗੁਰਦੁਆਰਾ ਚੋਣ ਡਾਇਰੈਕਟਰ ਨੂੰ ਭੇਜ ਰਹੇ ਹਾਂ। ਡਾਇਰੈਕਟਰ ਦੀ ਸੁਵੀਧਾ ਅਤੇ ਐਕਟ ਦੇ ਹਿਸਾਬ ਨਾਲ ਅਗਲਾ ਜਨਰਲ ਹਾਊਸ ਹੋਵੇਗਾ। ਪੱਤਰਕਾਰਾਂ ਵੱਲੋਂ ਮੌਜੂਦਾ ਕਮੇਟੀ ਦੇ ਹੁਣ ਕਾਰਜਕਾਰੀ ਹੋਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਸਿਰਸਾ ਨੇ ਕਿਹਾ ਕਿ ਮੌਜੂਦਾ ਕਮੇਟੀ ਕਿਸੇ ਵੀ ਹਾਲਾਤ ‘ਚ ਕਾਰਜਕਾਰੀ ਨਹੀਂ ਹੈ। ਆਮ ਚੋਣਾਂ ਦੇ ਐਲਾਨ ਉਪਰੰਤ ਚੋਣ ਜਾਬਤਾ ਲਗਣ ਵੇਲੇ ਹੀ ਕਮੇਟੀ ਨੂੰ ਕਾਰਜਕਾਰੀ ਮੰਨਿਆ ਜਾਂਦਾ ਹੈ। ਨਵੀਂ ਕਮੇਟੀ ਦੀ ਚੋਣ ਤਕ ਸਾਡਾ ਕਾਰਜਕਾਲ ਪੂਰਣ ਸ਼ਕਤੀ ਵਾਲਾ ਹੈ। ਕਿਊਂਕਿ ਅਤ੍ਰਿੰਗ ਬੋਰਡ ਚੋਣ ਦੀ ਇਹ ਪੁਰਾਣੀ ਸਥਾਪਿਤ ਪਰੰਪਰਾ ਹੈ। ਸਿਰਸਾ ਨੇ ਕਮੇਟੀ ‘ਚ ਤਾਕਤਾਂ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਸਾਫ਼ ਕੀਤਾ ਕਿ ਸਾਡਾ ਆਪਸੀ ਕੋਈ ਟਕਰਾਓ ਜਾਂ ਖਿੰਚੋਤਾਨ ਨਹੀਂ ਹੈ। ਅਸੀਂ ਪਿੱਛਲੇ 6 ਸਾਲ ਤੋਂ ਮਿਲ ਕੇ ਵੱਡੀਆ ਸੇਵਾਵਾਂ ਕੀਤੀਆਂ ਹਨ। ਅਸੀਂ ਧਰਮ ਦੀ ਸੇਵਾ ਲਈ ਇੱਥੇ ਆਏ ਹਾਂ ਨਾ ਕਿ ਆਪਣੇ ਅਹੰਕਾਰ ਨੂੰ ਪੱਠੇ ਪਾਉਣ ਵਾਸਤੇ। ਅਸੀਂ ਸੇਵਾ ਦੇ ਲਈ ਅੱਜ ਵੀ ਇੱਕਜੁਟ ਹਾਂ, ਇਸ ਕਰਕੇ ਟਕਰਾਓ ਸ਼ਬਦ ਦੀ ਵਰਤੋਂ ਠੀਕ ਨਹੀਂ ਹੈ। ਜੀ.ਕੇ. ਨੇ ਨਵੇਂ ਪ੍ਰਧਾਨ ਦੇ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਕਿਹਾ ਕਿ ਨਵਾਂ ਪ੍ਰਧਾਨ ਕਮੇਟੀ ਮੈਂਬਰਾਂ ਦੀ ਪਸੰਦ ਅਤੇ ਹਾਈਕਮਾਨ ਦੀ ਮਨਜੂਰੀ ਨਾਲ ਤੈਅ ਹੋਵੇਗਾ।ਅਸੀਂ ਆਪਣੇ ਉਪਰ ਲਗੇ ਆਰੋਪਾਂ ਨੂੰ ਦੇਖਦੇ ਹੋਏ ਪਿੱਛੇ ਹੱਟ ਕੇ ਨੈਤਿਕਤਾ ਦੀ ਨਵੀਂ ਮਿਸਾਲ ਕਾਇਮ ਕਰਨ ਦਾ ਫੈਸਲਾ ਲਿਆ ਹੈ। ਨਾਲ ਹੀ ਅਤ੍ਰਿੰਗ ਬੋਰਡ ਦੇ ਸਮੂਹ ਮੈਂਬਰਾਂ ਵੱਲੋਂ ਅਤ੍ਰਿੰਗ ਬੋਰਡ ਤੋਂ ਆਪਣਾ ਅਸਤੀਫਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿੱਤਾ ਗਿਆ ਹੈ।

About Author

Leave A Reply

whatsapp marketing mahipal