ਕਿੱਥੇ ਹੈ ਸਰਕਾਰ ! ਲੋਕਾਂ ਨੂੰ ਨਹੀਂ ਮਿਲ ਰਿਹਾ ਪੀਣ ਲਈ ਪਾਣੀ

0

ਬੱਧਨੀ ਕਲਾਂ , ਚਮਕੌਰ ਸਿੰਘ ਲੋਪੋਂ
ਪੰਜਾਬ ਸਰਕਾਰ ਵੱਲੋਂ ਕੇਂਦਰ ‘ਤੇ ਸੂਬਾ ਸਰਕਾਰ ਦੇ ਕਰੋੜਾ ਰੁਪਏ ਦੇ ਫੰਡਾਂ ਤਹਿਤ ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਮਹੁੱਈਆਂ ਕਰਵਾਉਣ ਦੇ ਦਾਅਵਿਆਂ ਦੀ ‘ਪੋਲ੍ਹ’ ਪਿੰਡਾਂ ਵਿਚ ਬਣੇ ਸਰਕਾਰੀ ਜਲ ਘਰ ਖੋਲ੍ਹ ਰਹੇ ਹਨ ਜਿਹੜੇ ਪਿਛਲੇ ਲੰਮੇਂ ਸਮੇਂ ਤੋਂ ਕੁਝ ਬੰਦ ਪਏ ਸਨ ਅਤੇ ਬਾਕੀ ਤਕਰੀਬਨ ਸਾਰੇ ਪਿੰਡਾਂ ਦੇ ਜਲ ਘਰਾਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਇਸ ਤੋਂ ਇਲਾਵਾ ਨੌ ਸਾਲ ਪਹਿਲਾਂ ਜਲ ਘਰਾਂ ਨੂੰ ਪੰਚਾਇਤਾਂ ਹਵਾਲੇ ਕਰਨ ਦੀ ਸਰਕਾਰੀ ਸਕੀਮ ਵੀ ਲਾਹੇਵੰਦ ਸਿੱਧ ਨਹੀਂ ਹੋ ਰਹੀ ਕਿਉਂਕਿ ਅਨੇਕਾਂ ਪਿੰਡਾਂ ਦੇ ਸਰਪੰਚਾਂ ਵੱਲੋਂ ਜਲ ਘਰ ਦਾ ਬਿੱਲ ਨਾ ਭਰਨ ਕਰਕੇ ਅਨੇਕਾਂ ਪਿੰਡਾਂ ਦੇ ਜਲ ਘਰਾਂ ਦੇ ਬਿਜਲੀ ਕੁਨੈਕਸ਼ਨ ਪਾਵਰਕਾਮ ਨੇ ਕੱਟ ਦਿੱਤੇ ਹਨ, ਜਿਸ ਕਰਕੇ ਇਨ੍ਹਾਂ ਪਿੰਡਾਂ ਦੇ ਲੋਕ ਸਰਕਾਰੀ ਢਿੱਲ-ਮੱਠ ਕਰਕੇ ਧਰਤੀ ਹੇਠਲਾ ਹਾਨੀਕਾਰਕ ਪਾਣੀ ਪੀਣ ਲਈ ਮਜ਼ਬੂਰ ਹਨ।
ਸਬ ਤਹਿਸੀਲ ਬੱਧਨੀ ਕਲਾਂ ਦੇ ਬੰਦ ਪਏ ਜਲ ਘਰਾਂ ਖ਼ਸਤਾ ਹਾਲਤ ਸਬੰਧੀ ‘ਸਾਡੇ ਪੱਤਰਕਾਰ ‘ ਵੱਲੋਂ ਇਕੱਠੀ ਕੀਤੀ ਗਈ ਵਿਸ਼ੇਸ਼  ਰਿਪੋਰਟ ਮੁਤਾਬਿਕ ਪਿੰਡ ਰਣੀਆ ਦੇ ਵਾਟਰ-ਵਰਕਸ ਬਿੱਲ ਨਾਂ ਭਰਨ ਕਰਕੇ ਬੰਦ ਪਏ ਇਸ ਜਲ ਘਰ ਦੀ ਇਮਾਰਤ ਅਤੇ ਪਾਣੀ ਦੀ ਟੈਂਕੀ ਦੀ ਸੰਭਾਲ ਨਾ ਹੋਣ ਕਰਕੇ ਇਹ ਵੀ ਖਸਤਾ ਹਾਲਤ ਵਿਚ ਪਹੁੰਚ ਗਈ ਹੈ। ਪਿੰਡ ਦੇ ਵਸਨੀਕ ਤੀਰਥ ਸਿੰਘ ਸਿੱਧੂ ਨੇ ਦੱਸਿਆ ਪਿੰਡ ਦੇ ਪਾਣੀ ‘ਚ ਯੂਰੇਨੀਅਮ ਤੱਤਾਂ ਦੀ ਬਹੁਤਾਤ ਕਰਕੇ ਪਾਣੀ ਪੀਣ ਯੋਗ ਨਹੀਂ ਅਤੇ ਜਲਘਰ ਬੰਦ ਹੋਣ ਕਾਰਨ ਲੋਕਾਂ ਵਿਚ ‘ਹਾਹਾਕਾਰ’ ਮੱਚੀ ਹੋਈ ਹੈ। ਇਸੇ ਤਰ੍ਹਾਂ ਦੇ ਹਲਾਤ ਹਨ ਇਹਨਾਂ ਪਿੰਡਾਂ ਦੇ ਜਿਥੇ ਬਿਜਲੀ ਦੇ ਬਿੱਲ ਨਾ ਭਰਨ ਕਰਕੇ ਲੱਖਾਂ ਰੁਪਏ ਦਾ ਬਕਾਇਆਂ ਖੜਾ ਜਿਸ ਵਿੱਚ ਪਿੰਡ ਜਲ ਘਰ ਲੋਪੋਂ 13.31ਲੱਖ, ਜਲ ਘਰ ਰਾਮੂਵਾਲਾ ਹਰਚੋਕਾ 1.44 ਲੱਖ,ਜਲ ਘਰ ਦੌਧਰ 6.63 ਲੱਖ, ਜਲ ਘਰ ਰਣੀਆਂ 4.88 ਲੱਖ, ਜਲ ਘਰ ਢੁੱਡੀਕੇ 3.44 ਲੱਖ, ਜਲ ਘਰ ਚੂਹੜਚੱਕ 11.72 ਲੱਖ, ਜਲ ਘਰ ਬੀੜ ਰਾਊਕੇ 3.61 ਲੱਖ, ਜਲ ਘਰ ਮੱਲੇਆਣਾ 8.13 ਲੱਖ, ਜਲ ਘਰ ਡਾਲ3.32 ਲੱਖ,ਜਲ ਘਰ ਧੂੜਕੋਟ ਕਲਾਂ 5.15 ਲੱਖ, ਜਲ ਘਰ ਰਾਊਕੇ ਕਲਾਂ 11.59 ਲੱਖ,ਜਲ ਘਰ ਬੁੱਟਰ 6.18 ਲੱਖ, ਸਮੇਤ ਦਰਜਨਾਂ ਪਿੰਡਾਂ ਦੇ ਬਣੇ ਹੋਏ ਜਿੱਥੋਂ ਦੇ ਲੋਕਾਂ ਨੂੰ ਪਾਣੀ ਨਾਂ ਮਿਲਣ ਕਰਕੇ ਖੇਤੀ ਮੋਟਰਾਂ ਤੇ ਭਟਕਣ ਲਈ ਮਜ਼ਬੂਰ ਹਨ।
ਪਿੰਡ ਰਣੀਆ ਦੇ ਸਰਪੰਚ ਅਜੀਤਪਾਲ ਸਿੰਘ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਜਲ ਘਰ ਦਾ ਬਿੱਲ ਨਾਂ ਭਰਨ ਕਰਕੇ ਲੱਖਾਂ ਰੁਪਏ ਇਕੱਠਾ ਹੋ ਗਿਆ ਜਿਸ ਕਰਕੇ ਪਾਵਰਕਾਮ ਨੇ ਨੇ ਜਲ ਘਰ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਪਿੰਡ ਵਿਚ ਮੁਨਿਆਦੀ ਕਰਵਾ ਕੇ ਲੋਕਾਂ ਨੂੰ ਪਾਣੀ ਦਾ ਬਿੱਲ ਭਰਨ ਲਈ ਕਿਹਾ ਹੈ ਪਰ ਹਾਲੇ ਤੱਕ ਪਿੰਡ ਵਿਚੋਂ ਸਿਰਫ ਕੁੱਝ ਲੋਕਾਂ ਨੇ ਹੀ ਬਕਾਇਆਂ ਬਿੱਲ ਜਮ੍ਹਾਂ ਕਰਵਾਇਆਂ ਹੈ ਜਿਸ ਕਰਕੇ ਹਾਲ ਦੀ ਘੜੀ ਜਲ ਘਰ ਦਾ ਕੁਨੈਕਸ਼ਨ ਨਹੀਂ ਜੋੜਿਆ ਜਾ ਸਕਦਾ। ਉਨ੍ਹਾ ਕਿਹਾ ਕਿ ਪਿੰਡ ਦੀ ਪੰਚਾਇਤ ਕੋਲ ਵੀ ਇਨ੍ਹੇ ਫੰਡ ਨਹੀਂ ਕਿ ਉਹ ਪੰਚਾਇਤੀ ਤੌਰ ‘ਤੇ ਬਿੱਲ ਭਰ ਸਕੇ।
ਬੰਦ ਪਏ ਜਲ ਘਰਾ ਦੀਆਂ ਮਸ਼ੀਨਾ ਖ਼ਰਾਬ ਹੋਣ ਦਾ ਖ਼ਦਸਾ :- ਅਮਰਾ ਲੋਪੋਂ
ਪਿੰਡ ਲੋਪੋਂ ਦੇ ਵਸਨੀਕ ਅਤੇ ਸਾਬਕਾ ਮੈਬਰ ਪੰਚਾਇਤ ਅਮਰਜੀਤ ਸਿੰਘ ਅਮਰਾ ਨੇ ਦੱਸਿਆ ਕਿ ਪਿੰਡ ਦਾ ਜਲ ਘਰ ਪਿਛਲੇ ਕਈ ਸਾਲਾ ਤੋਂ ਬਸ ਕੁਝ ਮਹੀਨੇ ਹੀ ਚਲਦਾ ਫਿਰ ਬੰਦ ਹੋ ਜਾਦਾ ਉਸਨੇ ਕਿਹਾ ਕਿ ਬੰਦ ਪਏ ਜਲ ਘਰ ਦੀ ਚਾਰਦੁਵਾਰੀ ਦੀ ਸਾਂਭ-ਸੰਭਾਲ ਨਾਂ ਹੋਣ ਕਰਕੇ ਇਹ ਵੀ ਟੁੱਟਣ ਲੱਗ ਪਈ ਹੈ ਤੇ ਇਸ ਵਾਟਰ –ਵਰਕਸ ਵਿਚ ਲੱਗੀਆਂ ਪਾਣੀ ਸਾਫ਼ ਕਰਨ ਵਾਲੀਆਂ ਮਸ਼ੀਨਾਂ ਵੀ ਜਗਾਲ ਲੱਗਣ ਕਾਰਨ ਖਰਾਬ ਹੋ ਰਹੀਆਂ ਹਨ।
ਸੈਨੇਟਰੀ ਵਿਭਾਗ ਨੇ ਜਲਦੀ ਜਲ ਘਰ ਚਲਾਉਣ ਦਾ ਕੀਤਾ ਦਾਅਵਾ
ਦੂਜੇ ਪਾਸੇ ‘ ਜਲ ਤੇ ਸੈਨੇਟਰੀ ਵਿਭਾਗ ‘ ਦੇ ਆਲ੍ਹਾ ਮਿਆਰੀ ਸੂਤਰਾਂ ਦਾ ਕਹਿਣਾ ਹੈ ਕਿ ਜਿਲ੍ਹੇ ਭਰ ਦੇ ਪਿੰਡਾਂ ਵਿਚ ਕੀਤੇ ਗਏ ਨਵੇਂ ਬੋਰਾਂ ਦੀ ਡੂੰਘਾਈ ਘੱਟ ਹੋਣ ਕਰਕੇ ਬਹੁਤੇ ਪਿੰਡਾਂ ਦੇ ਪਾਣੀ ਦੇ ਸੈਂਪਲ ਫੇਲ੍ਹ ਹੋ ਗਏ ਸਨ ਉਸ ਸਮੇਂ ਇਨ੍ਹਾਂ ਬੋਰਾਂ ਦੇ ਵਿਰੁੱਧ ਲੋਕਾਂ ਨੇ ਸਖ਼ਤ ਰੋਸ ਪ੍ਰਗਟਾਇਆਂ ਸੀ ਪਰ ਹਾਲੇ ਤੱਕ ਵਿਭਾਗ ਨੇ ਕੁੱਝ ਨਹੀ ਕੀਤਾ। ਇਸ ਸਬੰਧੀ ਜਨ ਸਿਹਤ ਵਿਭਾਗ ਮੋਗਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਹੁਤੇ ਪਿੰਡਾਂ ਦੇ ਲੋਕਾਂ ਵੱਲੋਂ ਬਿੱਲ ਨਾ ਭਰਨ ਕਰਕੇ ਪਾਵਰਕਾਮ ਨੇ ਬਿਜਲੀ ਕੁਨੈਕਸ਼ਨ ਕੱਟੇ ਹਨ ਉਨ੍ਹਾਂ ਕਿਹਾ ਕਿ ਸਬੰਧਿਤ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਪਿੰਡ ਵਾਸੀਆਂ ਤੋਂ ਬਿੱਲ ਇਕੱਠਾ ਕਰਕੇ ਬੰਦ ਪਏ ਜਲ ਘਰ ਚਾਲੂ ਕਰਵਾਏ ਜਾਣ। ਉਨ੍ਹਾਂ ਦਾਅਵਾ ਕੀਤਾ ਕਿ ਜਲਦੀ ਹੀ ਬੰਦ ਪਏ ਜਲ ਘਰ ਚਲਾ ਦਿੱਤੇ ਜਾਣਗੇ।
ਪਿੰਡਾਂ ‘ਚ ਸਥਿਤੀ ਵਿਸਫੋਟਕ ਬਨਣ ਦੇ ਅਸਾਰ
ਪਿਛਲੇ ਸਮੇਂ ਦੌਰਾਨ ਪਾਵਰਕਾਮ ਵਲੋਂ ਬਿਜਲੀ ਬਿੱਲ ਨਾ ਦੇਣ ਕਰਕੇ ਿਪੰਡਾਂ ਅੰਦਰ ਬਣੇ ਜਲ ਘਰਾਂ ਦੇ ਕੁਨੈਕਸ਼ਨ ਕੱਟੇ ਜਾਣ ਨੂੰ ਲੈ ਕੇ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਤਿੱਖਾ ਸੰਘਰਸ਼ ਕੀਤਾ ਸੀ, ਇੱਥੋਂ ਤੱਕ ਕਿ ਕਈ ਪਿੰਡਾਂ ‘ਚ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਜਲ ਘਰਾਂ ਦੇ ਕੁਨੈਕਸ਼ਨ ਆਪਣੇ ਪੱਧਰ ਤੇ ਹੀ ਜੋੜ ਦਿੱਤੇ ਸਨ। ਸੰਘਰਸ਼ਸ਼ੀਲ ਜਥੇਬੰਦੀਆਂ ਵਲੋਂ ਆਪਣੀਆਂ ਮੰਗਾਂ ਦੇ ਵਿਚ ਜਲ ਘਰਾਂ ਦੀ ਬਿਜਲੀ ਸਪਲਾÂਂੀ ਮੁਫਤ ਕਰਨ ਦੀ ਮੰਗ ਵੀ ਅਹਿਮ ਸੀ, ਜਿਸ ਦੇ  ਚੱਲਦਿਆਂ ਪੰਜਾਬ ਸਰਕਾਰ ਨੇ ਪਾਵਰਕਾਮ ਮਹਿਕਮੇ ਦੀ ਚੂੜੀ ਕੱਸ ਦਿੱਤੀ ਸੀ ਅਤੇ ਮਹਿਕਮੇ ਨੇ ਜਲ ਘਰਾਂ ਦੇ ਕੁਨੈਕਸ਼ਨ ਕੱਟਣੇ ਬੰਦ ਕਰ ਦਿੱਤੇ ਸਨ, ਪ੍ਰੰਤੂ ਹੁਣ ਪਾਵਰਕਾਮ ਵਲੋਂ ਬਿੱਲਾਂ ਦੀ ਉਗਰਾਹੀ ਬਦਲੇ ਜਲ ਘਰਾਂ ਦੇ ਕੁਨੈਕਸ਼ਨ ਕੱਟੇ ਜਾਣ ਦੀ ਸੂਰਤ ‘ਚ ਪਿੰਡਾਂ ਅੰਦਰ ਸਥਿਤੀ ਵਿਸਫੋਟਕ ਬਣ ਸਕਦੀ ਹੈ, ਕਿਉਂਕਿ ਕੁਨੈਕਸ਼ਨ ਕੱਟਣ ਦੇ ਮਾਮਲੇ ਵਿਚ ਬਿਜਲੀ ਅਧਿਕਾਰੀਆਂ ਨੂੰ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਨਾਲ ਨਾਲ ਪਿੰਡਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿੰਡ ਬਹੋਨਾ ਦੇ ਸਰਪੰਚ ਹਰਭਜ਼ਨ ਸਿੰਘ ਨੇ ਆਪਣੇ ਪਿੰਡ ‘ਚ ਪਾਣੀ ਵਾਲੀ ਟੈਂਕੀ ਦਾ ਬਕਾਇਆ ਬਿੱਲ ਭਰਨ ਹਿੱਤ ਆਪਣੇ ਗੁਰਦੇ ਵੇਚਣ ਦੀ ਪੇਸ਼ਕਸ਼ ਵੀ ਕੀਤੀ ਸੀ।
ਨਵੀਂ ਸਰਕਾਰ ਲਈ ਵਧ ਸਕਦੀਆਂ ਹਨ ਮੁਸ਼ਕਿਲਾਂ
ਇੱਥੇ ਇਹ ਦੱਸਣਾ ਬਣਦਾ ਹੈ ਕਿ ਪੰਜਾਬ ਅੰਦਰ ਸੰਪੰਨ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਾਵਰਕਾਮ ਨੇ ਆਪਣੀ ਪਾਵਰ ਦਿਖਾਉਂਦਿਆਂ ਭਾਵੇਂ ਬਿਜਲੀ ਦੇ ਬਕਾਇਆ ਖੜ੍ਹੇ ਬਿੱਲਾਂ ਦੇ ਕੁਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਹਨ, ਪ੍ਰੰਤੂ ਹੁਣ ਜਦੋਂ 11 ਮਾਰਚ ਚੋਣ ਨਤੀਜੇ ਆਉਣ ਦਾ ਸਮਾਂ ਨੇੜੇ ਆ ਰਿਹਾ ਹੈ ਤਾਂ ਪਾਵਰਕਾਮ ਵਲੋਂ ਕੁਨੈਕਸ਼ਨ ਕੱਟਣ ਦਾ ਮਾਮਲਾ ਵੀ ਭਖਣ ਲੱਗਾ ਹੈ। ਜੇਕਰ ਨਵੀਂ ਸਰਕਾਰ ਸੱਤਾਧਾਰੀ ਵਿਰੋਧੀ ਕਾਂਗਰਸ ਜਾਂ ਆਮ ਆਦਮੀ ਪਾਰਟੀ ਦੀ ਆਉਂਦੀ ਹੈ ਤਾਂ ਨਵੀਂ ਸਰਕਾਰ ਲਈ ਇਹ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ। ਜੇਕਰ ਸਰਕਾਰ ਕੁਨੈਕਸ਼ਨ ਕੱਟਣ ਤੋਂ ਪਾਵਰਕਾਮ ਨੂੰ ਰੋਕੇਗੀ ਤਾਂ ਵੀ ਇਹ ਮਾਮਲਾ ਚਰਚਾ ਹੋਵੇਗੀ,ਅਤੇ ਜੇਕਰ ਸਰਕਾਰ ਪਾਵਰਕਾਮ ਨੂੰ ਆਪਣੀ ਸਖਤੀ ਜਾਰੀ ਰੱਖਣ ਦੇਵੇਗੀ ਤਾਂ ਲੋਕ ਇਸ ਦਾ ਵਿਰੋਧ ਕਰਨਗੇ।
ਸਰਕਾਰ ਜਿਸ ਜਲ ਘਰ ਦਾ ਕੁਨੈਕਸ਼ਨ ਕੱਟੇਗੀ ਕਿਸਾਨ ਯੂਨੀਅਨ ਆਪਣੇ ਪੱਧਰ ਤੇ ਜੋੜੇਗੀ : ਕੋਕਰੀ
ਇਸ ਮਾਮਲੇ ਤੇ ਆਪਣੀ ਪ੍ਰਤੀਕਿਰਿਆ ਵਿਅਕਤ ਕਰਦੇ ਭਾਰਤੀ ਕਿਸਾਨ ਯੁਨੀਅਨ ਏਕਤਾ ਦੇ ਪ੍ਰਦੇਸ਼ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਲੋਕਾਂ ਨੂੰ ਜਲ ਘਰਾਂ ਦੁਆਰਾ ਮੁਫਤ ਪਾਣੀ ਮੁਹੱਈਆ ਕਰਵਾਇਆ ਜਾਵੇਗਾ, ਪਰ ਹੁਣ ਸਰਕਾਰ ਚੋਣ ਉਪਰੰਤ ਆਪਣੇ ਵਾਅਦੇ ਤੋਂ ਭੱਜ ਰਹੀ ਹੈ। ਉਨਾਂ ਕਿਹਾ ਕਿ ਸਾਨੂੰ ਇਸ ਨਾਲ ਕੋਈ ਮਤਲਬ ਨਹੀਂ ਸਰਕਾਰ ਬਿੱਲ ਦੀ ਅਦਾਇਗੀ ਕਰੇ ਜਾਂ ਨਾ ਕਰੇ, ਪਰ ਲੋਕ ਪਿਆਸੇ ਨਹੀਂ ਮਰਨ ਦਿੱਤੇ ਜਾਣਗੇ।

About Author

Leave A Reply

whatsapp marketing mahipal