ਕਰਤਾਰਪੁਰ ਸਾਹਿਬ ਤੋਂ ਭਾਰਤ ਵੱਲ ਲਾਂਘੇ ਦੀ ਨੀਂਹ ਪੱਥਰ ਰੱਖਣ ਨਾਲ ਹੋਈ ਸ਼ੁਰੂਆਤ

0


*ਸਿੱਧੂ ਪਾਕਿ ‘ਚ ਵੀ ਚੋਣਾਂ ਲੜਨ ਤਾਂ ਜਿੱਤ ਸਕਦੇ ਹਨ : ਇਮਰਾਨ ਖ਼ਾਨ
ਕਰਤਾਪੁਰ ਸਾਹਿਬ (ਆਵਾਜ਼ ਬਿਊਰੋ)-ਦੇਸ਼ ਵਿਦੇਸ਼ ਦੇ ਸਿੱਖਾਂ ਦੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਲਾਂਘੇ ਦੀ ਅਰਦਾਸ ਅੱਜ ਉਸ ਵੇਲੇ ਸੰਪੂਰਨ ਪ੍ਰਵਾਨ ਹੋ ਗਈ ਜਦੋਂ ਪਾਕਿਸਤਾਨ ਸਰਕਾਰ ਵੱਲੋਂ ਵੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਭਾਰਤ ਵੱਲ ਆਉਣ ਵਾਲੇ ਖੁੱਲ੍ਹੇ ਲਾਂਘੇ ਦੀ ਉਸਾਰੀ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ। ਨੀਂਹ ਪੱਥਰ ਰੱਖਣ ਦੀ ਰਸਮ ਸਮੇਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖਾਨ, ਭਾਰਤ ਦੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਕੇਂਦਰੀ ਰਾਜ ਮੰਤਰੀ ਸ. ਹਰਦੀਪ ਸਿੰਘ ਪੁਰੀ, ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ੍ਰੀ ਅੰਮ੍ਰਿਤਸਰ ਦੇ ਸੰਸਦ ਮੈਂਬਰ ਸ. ਗੁਰਜੀਤ ਸਿੰਘ ਔਜਲਾ ਤੋਂ ਇਲਾਵਾ ਪਾਕਿਸਤਾਨ ਦੇ ਸੀਨੀਅਰ ਕੇਂਦਰੀ ਮੰਤਰੀ ਅਤੇ ਪਾਕਿਸਤਾਨੀ ਪੰਜਾਬ ਦੇ ਮੰਤਰੀ, ਪਾਕਿਸਤਾਨ ਫੌਜ ਦੇ ਮੁੱਖੀ ਸ੍ਰੀ ਜਾਵੇਦ ਬਾਜਵਾ ਸਮੇਤ ਹੋਰ ਅਨੇਕਾਂ ਸਖਸ਼ੀਅਤਾਂ ਭਾਰੀ ਗਿਣਤੀ ਵਿੱਚ ਹਾਜ਼ਰ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਦੇਸ਼ ਵਿਦੇਸ਼ ਦੇ ਸਿੱਖਾਂ ਲਈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣਾ ਉਸੇ ਤਰ੍ਹਾਂ ਹੀ ਵੱਡੀ ਖੁਸ਼ੀ ਵਾਲੀ ਗੱਲ ਹੈ, ਜਿਸ ਤਰ੍ਹਾਂ ਮੁਸਲਮਾਨਾਂ ਲਈ ਮਦੀਨੇ ਦੇ ਦਰਸ਼ਨਾਂ ਲਈ ਦਰਵਾਜ਼ੇ ਖੁੱਲ੍ਹਣਾ। ਇਮਰਾਨ ਖਾਨ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪਵਿੱਤਰ ਪ੍ਰਕਾਸ਼ ਪੁਰਬ ਦੇ ਮੌਕੇ ਉੱਪਰ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਖੁੱਲ੍ਹ ਰਿਹਾ ਲਾਂਘਾ ਦੋਵਾਂ ਦੇਸ਼ਾਂ ਦੇ ਪਿਛਲੇ ਕਈ ਸਾਲਾਂ ਤੋਂ ਤਣਾਅ ਵਾਲੇ ਸਬੰਧਾਂ ਨੂੰ ਪਿਆਰ ਅਤੇ ਦੋਸਤੀ ਵਿੱਚ ਬਦਲਣ ਦਾ ਵੀ ਪਵਿੱਤਰ ਮੌਕਾ ਸਾਬਤ ਹੋ ਸਕਦਾ ਹੈ। ਇਮਰਾਨ ਖਾਨ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਦੋਵੇਂ ਪਾਸਿਓਂ ਹੀ ਗਲਤੀਆਂ ਹੋਈਆਂ ਹਨ, ਪਰ ਅਸੀਂ ਜਿੰਨਾ ਚਿਰ ਇਨ੍ਹਾਂ ਗਲਤੀਆਂ ਦੀ ਕੁੜੱਤਣ ਭੁੱਲ ਕੇ ਅਗਲੇ ਸਮੇਂ ਨੂੰ ਵਧੀਆ ਬਣਾਉਣ ਲਈ ਸਮੇਂ ਦੀਆਂ ਜੰਜੀਰਾਂ ਤੋੜਦਿਆਂ ਅੱਗੇ ਨਹੀਂ ਵਧਾਂਗੇ ਤਾਂ ਹਾਲਾਤ ਸੁਧਰ ਨਹੀਂ ਸਕਣਗੇ। ਇਮਰਾਨ ਖਾਨ ਨੇ ਕਿਹਾ ਕਿ ਜਰਮਨ ਅਤੇ ਜਪਾਨ ਨੇ ਲੜਾਈਆਂ ਦੌਰਾਨ ਇੱਕ ਦੂਜੇ ਦੇ ਦੇਸ਼ਾਂ ਦੇ ਕਰੋੜਾਂ ਲੋਕ ਮਾਰੇ ਹਨ। ਇਸ ਦੇ ਬਾਵਜੂਦ ਉਨ੍ਹਾਂ ਦੋਵਾਂ ਨੇ ਦੁਸ਼ਮਣੀ ਦੀਆਂ ਸਾਰੀਆਂ ਕੰਧਾਂ ਤੋੜ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੇ ਇੱਕ ਦੂਜੇ ਦੇ ਬੰਦੇ ਮਾਰੇ ਹਨ, ਪਰ ਐਨੇ ਨਹੀਂ ਜਿੰਨੇ ਜਰਮਨ ਅਤੇ ਜਪਾਨ ਨੇ ਮਾਰੇ ਹਨ। ਇਮਰਾਨ ਖਾਨ ਨੇ ਭਾਰਤ ਵੱਲੋਂ ਪਾਕਿਸਤਾਨ ਨੂੰ ਲੜਾਈ ਦੀਆਂ ਧਮਕੀਆਂ ਦਿੱਤੇ ਜਾਣ  ਦਾ ਜ਼ਿਕਰ ਕਰਦਿਆਂ ਕਿਹਾ ਕਿ ਦੋਵੇਂ ਦੇਸ਼ ਆਧੁਨਿਕ ਪ੍ਰਮਾਣੂ ਹੱਥਿਆਰਾਂ ਨਾਲ ਲੈਸ ਹਨ, ਦੁਨੀਆ ਜਾਣਦੀ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਹੋਵੇਗੀ ਤਾਂ ਕੋਈ ਵੀ ਦੇਸ਼ ਜਿੱਤ ਨਹੀਂ ਸਕੇਗਾ। ਪ੍ਰਮਾਣੂ ਹੱਥਿਆਰ ਭਾਰਤ ਵੱਲੋਂ ਚੱਲਣ ਜਾਂ ਪਾਕਿਸਤਾਨ ਵੱਲੋਂ, ਇਨ੍ਹਾਂ ਨਾਲ ਦੋਵਾਂ ਦੇਸ਼ਾਂ ਦਾ ਖਾਤਮਾ ਤੈਅ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹਾਲਾਤਾਂ ਵਿੱਚ ਜਦੋਂ ਜੰਗ ਹੋ ਹੀ ਨਹੀਂ ਸਕਦੀ ਤਾਂ ਜੰਗ ਦੀਆਂ ਧਮਕੀਆਂ ਕਿਉਂ? ਇਮਰਾਨ ਖਾਨ ਨੇ ਕਿਹਾ ਕਿ ਸਾਡੇ ਅੱਜ ਦੇ ਲੀਡਰਾਂ ਨੂੰ ਦ੍ਰਿੜ ਨਿਸ਼ਚਾ ਕਰਕੇ ਗੱਲਬਾਤ ਲਈ ਅੱਗੇ ਵਧਣਾ ਚਾਹੀਦਾ ਹੈ। ਇਮਰਾਨ ਖਾਨ ਨੇ ਆਪਣੇ ਉੱਪਰ ਫੌਜ ਦੇ ਥੱਲੇ ਲੱਗੇ ਹੋਣ ਦੇ ਭਾਰਤ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਸਬੰਧੀ ਵੀ ਕਿਹਾ ਕਿ ਮੈਂ ਪਾਕਿਸਤਾਨ ਦਾ ਪ੍ਰਧਾਨ ਮੰਤਰੀ, ਪਾਕਿਸਤਾਨ ਦੀਆਂ ਸਾਰੀਆਂ ਪਾਰਟੀਆਂ, ਫੌਜ ਅਤੇ ਸਾਡੇ ਸਾਰੇ ਸਰਕਾਰੀ ਸੰਸਥਾਨ ਇੱਕ ਬਰਾਬਰ ਖੜ੍ਹੇ ਹਨ ਅਤੇ ਸਾਰੇ ਹੀ ਪਾਕਿਸਤਾਨ ਨੂੰ ਮਜਬੂਤ ਬਣਾਉਣ ਲਈ ਅੱਗੇ ਵੱਧਣਾ ਚਾਹੁੰਦੇ ਹਨ। ਕਸ਼ਮੀਰ ਮਸਲੇ ਦਾ ਜਿਕਰ ਕਰਦਿਆਂ ਇਮਰਾਨ ਖਾਨ ਨੇ ਕਿਹਾ ਕਿ ਇਨਸਾਨ ਚੰਦ ਤੇ ਪਹੁੰਚ ਗਿਆ ਹੈ, ਕਸ਼ਮੀਰ ਮਸਲਾ ਐਡਾ ਵੱਡਾ ਨਹੀਂ ਕਿ ਇਹ ਹੱਲ ਨਾ ਹੋ ਸਕਦਾ ਹੋਵੇ। ਇਸ ਲਈ ਦੋਵੇਂ ਪਾਸੇ ਮਜ਼ਬੂਤ ਸਰਕਾਰਾਂ ਅਤੇ ਦੂਰ-ਅੰਦੇਸ਼ੀ ਵਾਲੀ ਲੀਡਰਸ਼ਿਪ ਦੀ ਲੋੜ ਹੈ। ਇਮਰਾਨ ਖਾਨ ਨੇ ਕਿਹਾ ਕਿ ਦੋਵੇਂ ਦੇਸ਼ ਅਮਨ ਦੇ ਰਸਤੇ ਅੱਗੇ ਚੱਲਣ ਤਾਂ ਦੋਵਾਂ ਦੇਸ਼ਾਂ ਦੇ ਕਾਰੋਬਾਰੀ ਰਸਤੇ ਖੁੱਲ੍ਹਣ ਨਾਲ ਗਰੀਬੀ ਦਾ ਸੰਤਾਪ ਖਤਮ ਹੋ ਜਾਵੇਗਾ।
ਉਨ੍ਹਾਂ ਚੀਨ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਇੱਥੇ ਵੀ ਸਰਕਾਰ ਦੇ ਵੱਖ-ਵੱਖ ਲੋਕਾਂ ਨਾਲ ਝਗੜੇ ਹਨ, ਪਰ ਚੀਨ ਸਰਕਾਰ ਨੇ ਗਵਾਂਢੀਆਂ ਨਾਲ ਝਗੜਿਆਂ ਦੀ ਆੜ ਹੇਠ ਆਪਣੇ ਲੋਕਾਂ ਨੂੰ ਭੁੱਖੇ ਮਰਨ ਲਈ ਮਜ਼ਬੂਰ ਨਹੀਂ ਹੋਣ ਦਿੱਤਾ। ਚੀਨ ਨੇ 30 ਸਾਲਾਂ ਵਿੱਚ 70 ਕਰੋੜ ਲੋਕਾਂ ਨੂੰ ਗਰੀਬੀ ਵਿੱਚੋਂ ਕੱਢ ਕੇ ਅਮੀਰੀ ਦੀ ਜ਼ਿੰਦਗੀ ਦਿੱਤੀ ਹੈ।
ਇਮਰਾਨ ਖਾਨ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਗੱਲਬਾਤ ਦੇ ਰਸਤੇ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਮੈਂ ਪ੍ਰਧਾਨ ਮੰਤਰੀ ਹਾਂ, ਓਨਾ ਚਿਰ ਮੈਂ ਆਪਣੇ ਇਸ ਵਾਅਦੇ ਤੇ ਪੱਕਾ ਰਹਾਂਗਾ ਕਿ ਜੇ ਭਾਰਤ ਦੋਸਤੀ ਲਈ ਇੱਕ ਕਦਮ ਅੱਗੇ ਵੱਧੇਗਾ ਤਾਂ ਮੈਂ ਦੋ ਕਦਮ ਅੱਗੇ ਵੱਧ ਕੇ ਇਸ ਸਿਲਸਿਲੇ ਨੂੰ ਅੱਗੇ ਵਧਾਵਾਂਗਾ।
ਪਾਕਿਸਤਾਨ ਵਿੱਚ ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਸਭਨਾ ਦੇ ਦਿਲ ਜਿੱਤ ਲਏ। ਉਨ੍ਹਾਂ ਨੇ ਪੂਰੇ ਉਤਸ਼ਾਹ ਨਾਲ ਜਿੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਧੰਨਵਾਦ ਕੀਤੇ, ਉੱਥੇ ਹੀ ਦੋਸਤੀ ਤੇ ਪਿਆਰ ਦਾ ਸੁਨੇਹਾ ਦੇ ਮੇਲਾ ਲੁੱਟ ਲਿਆ। ਸਿੱਧੂ ਦੇ ਇੱਕ-ਇੱਕ ਬਿਆਨ ਦਾ ਹਾਜਰ ਲੋਕਾਂ ਨੇ ਤਾਲੀਆਂ ਨਾਲ ਸਵਾਗਤ ਕੀਤਾ। ਦਿਲਚਸਪ ਗੱਲ਼ ਹੈ ਕਿ ਸਿੱਧੂ ਨੂੰ ਸਭ ਤੋਂ ਪਹਿਲਾਂ ਬੋਲਣ ਦਾ ਮੌਕਾ ਦਿੱਤਾ ਗਿਆ। ਉਨ੍ਹਾਂ ਨੇ ਪੂਰਾ ਭਾਸ਼ਨ ਪੰਜਾਬੀ ਵਿੱਚ ਦਿੱਤਾ। ਦੂਜੇ ਪਾਸੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹਿੰਦੀ ਵਿੱਚ ਭਾਸ਼ਨ ਦਿੱਤਾ। ਸਿੱਧੂ ਨੇ ਸਮਾਗਮ ਦੀ ਸਟੇਜ ‘ਤੇ ਸ਼ਾਇਰੀ ਨਾਲ ਪਿਆਰ ਦਾ ਸੁਨੇਹਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਆਪਣੀ ਸੋਚ ਬਦਲਣੀ ਪਵੇਗੀ। ਸਿੱਧੂ ਨੇ ਇਮਰਾਨ ਦੀ ਤਾਰੀਫ਼ ਵੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਤੇ ਇਮਰਾਨ ਖਾਨ ਨੇ ਪੁੰਨ ਦਾ ਕੰਮ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਧਰਮ ਨੂੰ ਰਾਜਨੀਤੀ ਤੇ ਅੱਤਵਾਦ ਨਾਲ ਨਾ ਜੋੜੋ। ਸਿੱਧੂ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਲੋਕਾਂ ਦੇ ਦਿਲਾਂ ਨੂੰ ਜੋੜੇਗਾ। ਗੱਲਬਾਤ ਵਧੇਗੀ ਤਾਂ ਭੁਲੇਖੇ ਦੂਰ ਹੋਣਗੇ। ਇਸ ਲਈ ਦੋਵਾਂ ਸਰਕਾਰਾਂ ਨੂੰ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਇਸ ਕਰਮ ਨੂੰ ਇਤਿਹਾਸ ‘ਚ ਲਿਖਿਆ ਜਾਵੇਗਾ। ਇਹ ਲਾਂਘਾ ਅਗਲੇ ਨਵੰਬਰ ‘ਚ ਖੋਲ੍ਹਿਆ ਜਾਵੇਗਾ
ਇਸ ਦੌਰਾਨ ਪਾਕਿਸਤਾਨ ‘ਚ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਣ ਮਗਰੋਂ ਸੰਬੋਧਨ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਪਣੇ ਦੋਸਤ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਖ਼ੂਬ ਤਾਰੀਫ਼ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੋਹਾਂ ਦੇਸ਼ਾਂ ਵਿਚਾਲੇ ਸ਼ਾਂਤੀ ਦੀ ਪਹਿਲ ‘ਤੇ ਵੀ ਜ਼ੋਰ ਦਿੱਤਾ। ਸਿੱਧੂ ਦੀ ਤਾਰੀਫ਼ ਕਰਦਿਆਂ ਇਮਰਾਨ ਨੇ ਕਿਹਾ ਕਿ ਉਨ੍ਹਾਂ ਨੇ ਸੁਣਿਆ ਹੈ ਕਿ ਜਦੋਂ ਸਿੱਧੂ ਪਾਕਿਸਤਾਨ ‘ਚ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ‘ਚ ਆਏ ਸਨ ਤਾਂ ਇਸ ਕਾਰਨ ਹਿੰਦੁਸਤਾਨ ‘ਚ ਉਨ੍ਹਾਂ ਦੀ ਆਲੋਚਨਾ ਹੋਈ। ਇਮਰਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਕੀ ਆਲੋਚਨਾ ਕਿਉਂ ਹੋਈ, ਸਿੱਧੂ ਤਾਂ ਸਿਰਫ਼ ਭਾਈਚਾਰੇ ਅਤੇ ਸ਼ਾਂਤੀ ਦੀ ਗੱਲ ਕਰ ਰਹੇ ਸਨ। ਇਮਰਾਨ ਨੇ ਇਸ ਮੌਕੇ ਤਾਂ ਇਸ ਗੱਲ ਦਾ ਦਾਅਵਾ ਕਰ ਦਿੱਤਾ ਕਿ ਜੇਕਰ ਸਿੱਧੂ ਪਾਕਿਸਤਾਨ ‘ਚ ਆ ਕੇ ਵੀ ਚੋਣਾਂ ਲੜਨ ਤਾਂ ਉਹ ਇੱਥੋਂ ਵੀ ਜਿੱਤ ਸਕਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਨੂੰ ਇਸ ਗੱਲ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਕਿ ਜਦੋਂ ਸਿੱਧੂ ਭਾਰਤ ਦੇ ਪ੍ਰਧਾਨ ਮੰਤਰੀ ਬਣਨਗੇ ਤਾਂ ਦੋਸਤੀ ਹੋਵੇਗੀ। ਦੋਹਾਂ ਦੇਸ਼ਾਂ ਵਿਚਾਲੇ ਦੋਸਤੀ ਬਾਰੇ ਗੱਲ ਕਰਦਿਆਂ ਇਮਰਾਨ ਨੇ ਕਿਹਾ ਕਿ ਜੇਕਰ ਫਰਾਂਸ-ਜਰਮਨੀ ਦੁਸ਼ਮਣੀ ਭੁੱਲ ਕੇ ਇੱਕ-ਦੂਜੇ ਦੇ ਨਾਲ ਆ ਸਕਦੇ ਹਨ, ਤਾਂ ਭਾਰਤ-ਪਾਕਿਸਤਾਨ ਅਜਿਹਾ ਕਿਉਂ ਨਹੀਂ ਕਰ ਸਕਦੇ। ਕਸ਼ਮੀਰ ਮੁੱਦੇ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਦੇ ਲਈ ਦੋ ਸਮਰੱਥ ਨੇਤਾਵਾਂ ਦੀ ਲੋੜ ਹੈ, ਜਿਹੜੇ ਇੱਕ-ਦੂਜੇ ਨਾਲ ਬੈਠ ਕੇ ਇਸ ਨੂੰ ਹੱਲ ਕਰ ਸਕਦੇ ਹਨ। ਇਸ ਦੇ ਨਾਲ ਹੀ ਇਮਰਾਨ ਖ਼ਾਨ ਨੇ ਸਿੱਖ ਭਾਈਚਾਰੇ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ‘ਚ ਬਿਹਤਰ ਸਹੂਲਤਾਂ ਮਿਲਣ ਦਾ ਭਰੋਸਾ ਵੀ ਦਿੱਤਾ।

About Author

Leave A Reply

whatsapp marketing mahipal